Nabaz-e-punjab.com

ਹੈਰੋਇਨ ਤਸਕਰੀ ਮਾਮਲਾ: ਐਨਆਈਏ ਵੱਲੋਂ ਅੰਮ੍ਰਿਤਸਰ ’ਚੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਮੁਲਜ਼ਮ ਨੂੰ 10 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਅੰਮ੍ਰਿਤਸਰ ਦੇ 532 ਕਿੱਲੋ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਐਨਆਈਏ ਦੀ ਟੀਮ ਵੱਲੋਂ ਬੀਤੀ ਦੇਰ ਰਾਤ ਇਕ ਮੁਲਜ਼ਮ ਨੂੰ ਅੰਮ੍ਰਿਤਸਰ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਨਆਈਏ ਦੇ ਵਕੀਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਿਤ ਗੰਭੀਰ ਵਾਸੀ ਅੰਮ੍ਰਿਤਸਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਅੱਜ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਪ੍ਰੰਤੂ ਐਨਆਈਏ ਦੀ ਟੀਮ ਨੇ ਇਕ ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਅੱਜ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 10 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਰਿਮਾਂਡ ਦਿੱਤਾ।
ਅਦਾਲਤ ਵਿੱਚ ਪੇਸ਼ ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਅਮਿਤ ਗੰਭੀਰ ਹਵਾਲਾ ਰਾਸ਼ੀ ਦਾ ਡੀਲਰ ਹੈ। ਹੈਰੋਇਨ ਤਸਕਰੀ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਅਤੇ ਫਰਾਰ ਚੱਲ ਰਹੇ ਬਾਕੀ ਮੁਲਜ਼ਮਾਂ ਨਾਲ ਮੁਲਜ਼ਮ ਅਮਿਤ ਗੰਭੀਰ ਦੇ ਸਬੰਧਾਂ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਅਮਿਤ ਦੇ ਬਾਕੀ ਮੁਲਜ਼ਮਾਂ ਨਾਲ ਸਬੰਧਾਂ ਅਤੇ ਹਵਾਲਾ ਰਾਸ਼ੀ ਦੇ ਲੈਣ ਦੇਣ ਬਾਰੇ ਪਤਾ ਕਰਨਾ ਹੈ। ਇਸ ਤੋਂ ਇਲਾਵਾ ਮੁਲਜ਼ਮ ਤੋਂ ਹੈਰੋਇਨ ਤਸਕਰੀ ਮਾਮਲੇ ਵਿੱਚ ਵੀ ਪੁੱਛਗਿੱਛ ਕੀਤੀ ਜਾਣੀ ਹੈ। ਉਂਜ ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਮੁਲਜ਼ਮ ਨੂੰ ਕਈ ਵਾਰ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਐਨਆਈਏ ਦੇ ਮੁੱਖ ਦਫ਼ਤਰ ਵਿੱਚ ਦੱਸਿਆ ਜਾਂਦਾ ਰਿਹਾ ਹੈ ਪ੍ਰੰਤੂ ਉਸ ਨੇ ਹੁਣ ਤੱਕ ਸਹੀ ਜਾਣਕਾਰੀ ਨਹੀਂ ਦਿੱਤੀ ਅਤੇ ਕਾਫੀ ਮਹੱਤਵਪੂਰਨ ਜਾਣਕਾਰੀ ਉਸ ਵੱਲੋਂ ਛੁਪਾਈ ਗਈ ਹੈ।
ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੀਤੀ 29 ਜੂਨ ਨੂੰ ਉਸ ਸਮੇਂ ਆਪਣੀ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਅਟਾਰੀ ਬਾਰਡਰ ਦੇ ਰਾਹੀਂ ਟਰੱਕ ਵਿੱਚ ਸਮਾਨ ਲੈ ਕੇ ਪੰਜਾਬ ਆ ਰਿਹਾ ਸੀ ਅਤੇ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸੀ। ਪੁੱਛਗਿੱਛ ਦੌਰਾਨ ਗੁਰਪਿੰਦਰ ਦੀ ਨਿਸ਼ਾਨਦੇਹੀ ’ਤੇ ਕਸ਼ਮੀਰੀ ਨੌਜਵਾਨ ਤਾਰਿਕ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਪੰਜਾਬ ਪੁਲੀਸ ਵੱਲੋਂ 5836 ਕਿੱਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਦੋ ਕਸ਼ਮੀਰੀ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 2600 ਕਰੋੜ ਰੁਪਏ ਦੱਸੀ ਗਈ ਹੈ। ਏਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ। ਇਹ ਨਸ਼ੀਲੇ ਪਦਾਰਥ ਇਕ ਟਰੱਕ ਵਿੱਚ ਬੈਗਾਂ ਦੇ ਥੱਲੇ ਛੁਪਾ ਕੇ ਰੱਖੇ ਹੋਏ ਸੀ।
(ਬਾਕਸ ਆਈਟਮ)
ਐਨਆਈਏ ਵੱਲੋਂ ਇਸ ਮਾਮਲੇ ਵਿੱਚ 11 ਮੁਲਜ਼ਮਾਂ ਤਾਰਿਕ ਅਹਿਮਦ, ਜਸਵੀਰ ਸਿੰਘ, ਨਿਰਭੈਲ ਸਿੰਘ, ਸੰਦੀਪ ਕੌਰ, ਸੀਏ ਅਜੈ ਗੁਪਤਾ, ਰਣਜੀਤ ਸਿੰਘ, ਇਕਬਾਲ ਸਿੰਘ, ਫਾਰੂਕ ਲੋਨ, ਸਾਹਿਲ ਅਹਿਮਦ ਲੋਨ, ਸਾਹਿਬ ਨੂਰ ਅਤੇ ਅਮੀਰ ਨੂਰ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ ਅਜੈ ਗੁਪਤਾ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ ਜਦੋਂਕਿ ਸੰਦੀਪ ਕੌਰ, ਜਸਵੀਰ ਸਿੰਘ ਅਤੇ ਨਿਰਭੈਲ ਸਿੰਘ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ। ਇਕ ਮੁਲਜ਼ਮ ਦੀ ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੀ ਨਿਆਇਕ ਹਿਰਾਸਤ ਅਧੀਨ ਮੌਤ ਹੋ ਚੁੱਕੀ ਹੈ। ਕਈ ਹੋਰ ਮੁਲਜ਼ਮ ਫਰਾਰ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …