Nabaz-e-punjab.com

‘2007 ਵਿੱਚ ਮੇਰੀ ਟਿਕਟ ਕੱਟੇ ਜਾਣ ਮੈਂ ਵੀ ਹਾਈ ਕਮਾਂਡ ਨੂੰ ਇਹੀ ਪੁੱਛਿਆ ਸੀ ‘ਮੇਰਾ ਕਸੂਰ ਕੀ ਹੈ’: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਵਜ਼ਾਰਤ ’ਚੋਂ ਆਊਟ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਮੀਡੀਆ ਦੇ ਰੂਬਰੂ ਹੋਣ ਸਮੇਂ ਹਾਈ ਕਮਾਂਡ ਨਾਲ ਗਿਲਾ ਕਰਨ ਅਤੇ ਅੱਖਾਂ ਭਰ ਆਉਣ ’ਤੇ ਸਿਆਸੀ ਟਿੱਪਣੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸਿੱਧੂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਮਾਂ ਬੜਾ ਬਲਵਾਨ ਹੈ ਅਤੇ ਕਰੀਬ ਡੇਢ ਦਹਾਕੇ ਬਾਅਦ ਕਾਂਗਰਸ ਨੇ ਇਤਿਹਾਸ ਮੁੜ ਦੁਹਰਾਇਆ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ 2007 ਵਿੱਚ ਜਦੋਂ ਉਸ ਦੀ ਟਿਕਟ ਕੱਟ ਕੇ ਬਲਬੀਰ ਸਿੱਧੂ ਨੂੰ ਦਿੱਤੀ ਗਈ ਸੀ ਤਾਂ ਸਿੱਧੂ ਸਮਰਥਕਾਂ ਨੇ ਖ਼ਬੁਸ਼ੀ ਮਨਾਉਂਦੇ ਹੋਏ ਢੋਲ ਦੀ ਤਾਲ ’ਤੇ ਭੰਗੜੇ ਪਾਏ ਅਤੇ ਲੱਡੂ ਵੰਡੇ ਸੀ, ਅੱਜ ਜਦੋਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕੀਤਾ ਗਿਆ ਤਾਂ ਹੁਣ ਸਿੱਧੂ ਨੂੰ ਗਿਲਾ ਨਹੀਂ ਕਰਨਾ ਚਾਹੀਦਾ ਹੈ, ਸਗੋਂ ਹਾਈ ਕਮਾਂਡ ਦੇ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਦੋਂ ਉਨ੍ਹਾਂ ਨੇ ਵੀ ਹਾਈ ਕਮਾਂਡ ਨੂੰ ਇਹੀ ਸਵਾਲ ਕੀਤਾ ਸੀ ਕਿ ‘ਉਨ੍ਹਾਂ ਨੂੰ ਉਸ ਦਾ ਕਸੂਰ’ ਤਾਂ ਦੱਸਿਆ ਜਾਵੇ ਕਿ ਇਸ ਵਜ੍ਹਾ ਕਾਰਨ ਉਸ ਦੀ ਟਿਕਟ ਕੱਟੀ ਗਈ ਹੈ, ਲੇਕਿਨ 14 ਸਾਲ ਬੀਤ ਗਏ ਹੁਣ ਤੱਕ ਹਾਈ ਕਮਾਂਡ ਦਾ ਜਵਾਬ ਨਹੀਂ ਆਇਆ। ਹਾਲਾਂਕਿ ਪਾਰਟੀ ਵਿੱਚ ਮੇਰਾ ਜੇਠਾਪਣ ਅਤੇ ਮੇਰੀ ਸੇਵਾ-ਸਾਧਨਾ ਦੀ ਉੱਤਮਤਾ, ਸਿੱਧੂ ਨਾਲੋਂ ਕਿਤੇ ਉੱਪਰ ਸੀ। ਇਸ ਦੇ ਬਾਵਜੂਦ ਵੀ ਮੈਂ ਸਾਫ਼ਗੋਈ ਨਾਲ ਇਲਾਕੇ ਦੀ 5 ਸਾਲ ਸੇਵਾ ਕਰਨ ਉਪਰੰਤ ਆਪਣਾ ਸਾਫ਼ ਸੁਥਰਾ ਦਾਮਨ ਸਮੇਟ ਕੇ ਬਿਨਾ ਵਿਰਲਾਪ ਕੀਤਿਆਂ ਆਪਣੇ ਘਰ ਪਰਤ ਗਿਆ ਸੀ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਵੀ ਜਾਣ ਵੇਲੇ ਪ੍ਰੈਸ ਕਾਨਫਰੰਸ ਸੱਦ ਕੇ ਕਿਹਾ ਸੀ ਕਿ ਉਹ ਜਿਸ ‘ਸੂਟਕੇਸ’ ਨਾਲ ਮੁਹਾਲੀ ਵਿੱਚ ਆਇਆ ਸੀ, ਉਸੇ ‘ਸੂਟਕੇਸ’ ਨਾਲ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਕੇ ਵਾਪਸ ਜਾ ਰਿਹਾ ਹੈ। ‘ਮੈਂ ਪੱਤਰਕਾਰਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਸੀ ਕਿ ਮੇਰੀ 5 ਸਾਲਾਂ ਦੀ ਸੇਵਾ ਵਿੱਚ ਜੇ ਹਲਕੇ ਦੇ ਲੋਕਾਂ ਵੱਲੋਂ ਮੇਰੇ ਖ਼ਿਲਾਫ਼ ਕੋਈ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਹੋਵੇ ਜਾਂ ਦੌਲਤਾਂ ਇਕੱਠੀਆਂ ਕਰਨ ਦਾ ਦੋਸ਼ ਹੋਵੇ ਜਾਂ ਕਿਸੇ ਵਿਰੋਧੀ ਨੂੰ ਰਾਜਸੀ ਤੌਰ ’ਤੇ ਜ਼ਲੀਲ ਕਰਨ ਲਈ ਝੂਠੇ ਪਰਚੇ ਕਰਵਾਏ ਹੋਣ ਤਾਂ ਮੈਨੂੰ ਜ਼ਰੂਰ ਦੱਸਣਾ।’ ‘ਮੈਂ ਇਹ ਗੱਲ ਵੀ ਬੜੀ ਪੁਖਤਗੀ ਨਾਲ ਹਿੱਕ ਠੋਕ ਕੇ ਕਹੀ ਸੀ ਕਿ ਮੇਰੇ ਵਾਪਸ ਜਾਣ ਸਮੇਂ, ਮੇਰੀ ਪਿਤਾ-ਪੁਰਖੀ ਮੌਰੂਸੀ ਜਾਇਦਾਦ ਤੋਂ ਸਿਵਾਏ, ਜੇ ਕਿਸੇ ਵਪਾਰਕ ਫਰਮ ਜਾਂ ਫਾਰਮ ਵਿੱਚ ਕਿਤੇ ਕੋਈ ਰੰਚਕ-ਮਾਤਰ ਭਾਗੇਦਾਰੀ ਵੀ ਸਾਬਤ ਹੋ ਜਾਵੇ ਤਾਂ ਮੈਂ ਮੁੜ ਕੇ ਕਦੇ ਵੀ ਇਲਾਕੇ ਦੀ ਖ਼ਲਕਤ ਨੂੰ ਆਪਣਾ ਮੂੰਹ ਨਹੀਂ ਦਿਖਾਵਾਂਗਾ ਅਤੇ ਮੇਰਾ ਇਹ ਦਾਅਵਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਨਾ ਮੈਂ ਕੋਈ ਮਕਾਨ ਖ਼ਰੀਦਿਆਂ, ਜਾਂ ਕਬਜ਼ਾ ਕੀਤਾ, ਨਾ ਹੀ ਮੈਰਿਜ ਪੈਲੇਸ ਜਾਂ ਕੋਈ ਪ੍ਰਾਈਵੇਟ ਫਰਮ ਬਣਾਈ ਹੈ। ਮੁਹਾਲੀ ਵਿੱਚ ਉਸ ਦਾ 25 ਕੁ ਫੀਸਦੀ ਬਣਿਆ ਮਕਾਨ ਜ਼ਰੂਰ ਹੈ, ਜਿਸ ਨੂੰ ਦੁਬਾਰਾ ਇੱਟ ਨਹੀਂ ਲੱਗ ਸਕੀ।
ਬੀਰਦਵਿੰਦਰ ਸਿੰਘ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਕੀ ਉਹ ਉਸ ਵਾਂਗ ਬੇਬਾਕ ਦਾਅਵਾ ਕਰਨ ਦੀ ਹਿੰਮਤ ਦਿਖਾ ਸਕਦੇ ਹਨ? ਜੇ ਨਹੀਂ ਤਾਂ ਫਿਰ ਹਾਈ ਕਮਾਂਡ ਨੂੰ ਕਿਉਂ ਕੋਸਦੇ ਹਨ। ਸਾਬਕਾ ਸਿਹਤ ਮੰਤਰੀ ਨੇ ਬੀਤੇ ਕੱਲ੍ਹ ਦਾਅਵਾ ਕੀਤਾ ਸੀ ਕਿ ਜੇ ਕੋਵਿਡ ਵੈਕਸੀਨ, ਮਹਾਮਾਰੀ ਦੀ ਸਿਖਰ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਵੱਡੀ ਪੱਧਰ ’ਤੇ ਵੇਚ ਕੇ ਸਰਕਾਰੀ ਵੈਕਸੀਨ ਦਾ ਨਾਜਾਇਜ਼ ਵਪਾਰ ਹੋਇਆ ਹੈ ਅਤੇ ‘ਫਤਿਹ-ਕਿੱਟਾਂ’ ਵਿੱਚ ਧਾਂਦਲੀ ਹੋਈ ਹੈ, ਇਸ ਲਈ ਮੈਂ ਨਹੀਂ ਬਲਕਿ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਡਾ. ਕੇਕੇ ਤਲਵਾਰ ਜ਼ਿੰਮੇਵਾਰ ਹਨ। ਬੀਰਦਵਿੰਦਰ ਨੇ ਕਿਹਾ ਕਿ ਜੇਕਰ ਸਿੱਧੂ ਦਾ ਇਹ ਬਿਆਨ ਸਹੀ ਹੈ ਤਾਂ ਉਹ ਜੁਰਅਤ ਦਿਖਾਉਂਦੇ ਹੋਏ ਆਪਣਾ ਤਸਦੀਕਸ਼ੁਦਾ ਹਲਫ਼ੀਆ ਬਿਆਨ ਉਨ੍ਹਾਂ (ਬੀਰਦਵਿੰਦਰ) ਦੇ ਹਵਾਲੇ ਕਰਨ ਤਾਂ ਜੋ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਸਕੇ।
ਬੀਰਦਵਿੰਦਰ ਸਿੰਘ ਨੇ ਇਹ ਵੀ ਸਲਾਹ ਦਿੱਤੀ ਕਿ ਗਊਸ਼ਾਲਾ ਦੇ ਨਾਮ ’ਤੇ ਬਲੌਂਗੀ ਗਰਾਮ ਪੰਚਾਇਤ ਦੀ ਬਹੁਕਰੋੜੀ ਜ਼ਮੀਨ ਨੂੰ ਹਾਲੇ ਵੀ ਵਾਪਸ ਕਰ ਦਿਓ ਨਹੀਂ ਤਾਂ ਹੋਰ ਵੀ ਜ਼ਿਆਦਾ ਜਲਾਲਤ ਭਰਿਆ ਮਾੜਾ ਸਮਾਂ ਦੇਖਣਾ ਪੈ ਸਕਦਾ ਹੈ। ਜੇਕਰ ਲਾਵਾਰਿਸ ਗਊਆਂ ਦੀ ਸੇਵਾ-ਸੰਭਾਲ ਦਾ ਏਨਾ ਹੀ ਸ਼ੌਕ ਹੈ ਤਾਂ ‘ਚਿਤਾਮਲੀ’ ਵਾਲੇ ਫਾਰਮ ਹਾਊਸ ਵਿੱਚ ਲਿਜਾ ਕੇ ਸੇਵਾ ਕੀਤੀ ਜਾਵੇ, ਉੱਥੇ ਉਨ੍ਹਾਂ ਕੌਣ ਰੋਕਦਾ ਹੈ? ਪਰ ਗਰਾਮ ਪੰਚਾਇਤ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਨਿਗਲਣ ਨਹੀਂ ਦਿੱਤੀ ਜਾਵੇਗੀ। ਠੀਕ ਉਸੇ ਤਰ੍ਹਾਂ ਜਿਵੇਂ ਪਿੰਡ ਦੈੜੀ ਦੀ ਸ਼ਾਮਲਾਤ ਜ਼ਮੀਨ ਨੂੰ ਬਚਾਇਆ ਗਿਆ ਹੈ।
ਬੀਰਦਵਿੰਦਰ ਸਿੰਘ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕੋਵਿਡ ਮਹਾਮਾਰੀ ਦੀ ਭਿਆਨਕਤਾ ਦੇ ਦਰਮਿਆਨ ਐਂਬੂਲੈਂਸਾਂ ਵਿੱਚ ਸ਼ਰਾਬ ਦੀ ਢੋਅ-ਢੁਆਈ ਹੁੰਦੀ ਰਹੀ ਹੈ। ਉਹ ਸ਼ਰਾਬ ਕਿਸ ਦੀ ਸੀ? ਮੁਹਾਲੀ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਦੇ ਮੁਹਰਲੇ ਦਰਵਾਜ਼ੇ ਲੋਕ ਦਿਖਾਵੇ ਲਈ ਬੰਦ ਕਰਕੇ ਪਿਛਲੀ ਖਿੜਕੀ ਰਾਹੀਂ ਸ਼ਰਾਬ ਵੇਚੀ ਜਾਂਦੀ ਸੀ, ਉਹ ਠੇਕੇ ਕਿਸਦੇ ਸਨ? ਜੇਕਰ ਉਕਤ ਸਾਰੇ ਪਹਿਲੂਆਂ ’ਤੇ ਬਰੀਕੀ ਨਾਲ ਝਾਤ ਮਾਰ ਕੇ ਦੇਖੀਏ ਤਾਂ ਹਾਈ ਕਮਾਂਡ ਨਾਲ ਗਿਲਾ ਕਰਕੇ ਕੁੱਝ ਪੁੱਛਣ ਦੀ ਜ਼ਰੂਰਤ ਨਹੀਂ ਹੈ, ਸਾਰਾ ਕੁੱਝ ਕੁੱਝ ਸ਼ੀਸ਼ੇ ਵਾਂਗ ਸਾਫ਼ ਪਿਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…