
ਹਾਈ ਕੋਰਟ ਵੱਲੋਂ ਗ਼ੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਨਾ ਕਰਵਾਉਣ ਸਬੰਧੀ ਡੀਸੀ ਅਤੇ ਗਮਾਡਾ ਤੋਂ ਰਿਪੋਰਟ ਤਲਬ
ਗ਼ੈਰ ਦੰਗਾ ਪੀੜਤਾਂ ਤੋਂ ਦੰਗਾ ਪੀੜਤਾਂ ਲਈ ਰਾਖਵੇਂ ਮਕਾਨ ਤੁਰੰਤ ਖਾਲੀ ਕਰਵਾਉਣ ਦੀ ਮੰਗ ਉੱਠੀ
ਨਵੰਬਰ 84 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਕੀਤੀ ਮੀਟਿੰਗ, ਪ੍ਰਸ਼ਾਸਨ ਨੂੰ ਦਿੱਤੀ ਧਮਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ
1984 ਦੇ ਦੰਗਾਂ ਪੀੜਤ ਪਰਿਵਾਰਾਂ ਦੀ ਅੱਜ ਇੱਥੇ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਵਿੱਚ ਹੋਈ ਇੱਕ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਗੈਰ ਦੰਗਾ ਪੀੜਤਾਂ ਵਲੋੱ ਦੰਗਾ ਪੀੜਤਾਂ ਲਈ ਰਾਖਵੇੱ ਮਕਾਨ ਤੁਰੰਤ ਖਾਲੀ ਕਰਵਾਏ ਜਾਣ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਫੇਜ਼-11 ਦੰਗਾ ਪੀੜਤ ਪਰਿਵਾਰਾਂ ਲਈ ਰਾਖਵੇਂ ਮਕਾਨਾਂ ਵਿੱਚ 45-46 ਪਰਿਵਾਰ ਅਜਿਹੇ ਰਹਿ ਰਹੇ ਹਨ ਜੋ ਕਿ ਦੰਗਾ ਪੀੜਤ ਹੀ ਨਹੀਂ ਹਨ। ਇਹਨਾਂ ਗੈਰ ਦੰਗਾ ਪੀੜਤ ਲੋਕਾਂ ਨੇ ਸਿਆਸੀ ਆਗੂਆਂ ਦੀ ਸਹਿ ਅਤੇ ਗਮਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 1984 ਦੇ ਦੰਗਾਂ ਪੀੜਤਾਂ ਲਈ ਰਾਖਵੇਂ ਮਕਾਨਾਂ ਉਪਰ ਧੱਕੇ ਨਾਲ ਹੀ ਕਬਜੇ ਕੀਤੇ ਹੋਏ ਹਨ।
ਉਹਨਾਂ ਕਿਹਾ ਕਿ ਅਸਲੀ ਦੰਗਾਂ ਪੀੜਤਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੀਤੇ ਗਏ ਕੇਸ ਤੋਂ ਬਾਅਦ ਹੀ ਹਾਈ ਕੋਰਟ ਨੇ ਗੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾਉਣ ਲਈ ਹੁਕਮ ਜਾਰੀ ਕੀਤੇ ਸਨ ਪਰ ਜਦੋਂ ਗਮਾਡਾ ਦੀ ਟੀਮ ਪੁਲੀਸ ਸਮੇਤ ਇਹਨਾਂ ਗੈਰ ਦੰਗਾ ਪੀੜਤਾਂ ਤੋੱ ਮਕਾਨ ਖਾਲੀ ਕਰਵਾਉਣ ਪਹੁੰਚੀ ਤਾਂ ਕੁਝ ਸਿਆਸੀ ਆਗੂਆਂ ਨੇ ਇਸ ਟੀਮ ਦਾ ਵਿਰੋਧ ਕੀਤਾ ਤੇ ਟੀਮ ਬਿਨਾਂ ਮਕਾਨ ਖਾਲੀ ਕਰਵਾਏ ਵਾਪਸ ਚਲੀ ਗਈ।
ਉਹਨਾਂ ਕਿਹਾ ਕਿ ਇਸ ਕੇਸ ਵਿੱਚ ਅਗਲੀ ਪੇਸ਼ੀ 17 ਜੁਲਾਈ ਹੈ। ਜਿਸ ਦਿਨ ਇਹਨਾਂ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਡੀਸੀ ਮੁਹਾਲੀ ਅਤੇ ਗਮਾਡਾ ਦੇ ਸੀ ਏ ਅਤੇ ਅਸਟੇਟ ਅਫਸਰ ਵੱਲੋਂ ਜਵਾਬ ਦਾਖਲ ਕਰਵਾਇਆ ਜਾਣਾ ਹੈ ਪਰ ਇਹਨਾਂ ਅਧਿਕਾਰੀਆਂ ਨੇ ਗੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾਉਣ ਲਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਗੈਰ ਦੰਗਾਂ ਪੀੜਤਾਂ ਤੋਂ ਮਕਾਨ ਖਾਲੀ ਨਾ ਕਰਵਾਏ ਤਾਂ ਇਹਨਾਂ ਨੂੰ ਸ਼ਹਿ ਦੇਣ ਵਾਲੇ ਸਿਆਸੀ ਆਗੂਆਂ ਅਤੇ ਗਮਾਡਾ ਅਧਿਕਾਰੀਆਂ ਨੂੰ ਵੀ ਅਦਾਲਤੀ ਕੇਸ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਹਨਾਂ ਮੰਗ ਕੀਤੀ ਕਿ 1984 ਦੇ ਦੰਗਾਂ ਪੀੜਤਾਂ ਲਈ ਰਾਖਵੇਂ ਮਕਾਨਾਂ ਵਿੱਚੋਂ ਗੈਰ ਦੰਗਾਂ ਪੀੜਤਾਂ ਨੂੰ ਹਟਾ ਕੇ ਇਹ ਮਕਾਨ ਦੰਗਾ ਪੀੜਤਾਂ ਨੂੰ ਦਿਤੇ ਜਾਣ।
ਇਸ ਮੌਕੇ ਮਹਿੰਦਰ ਸਿੰਘ ਬੱਪਰਾ, ਜੋਗਿੰਦਰ ਸਿੰਘ ਗਰੋਵਰ, ਕਰਮਜੀਤ ਸਿੰਘ, ਬਚਨ ਸਿੰਘ, ਕਲਿਆਣ ਸਿੰਘ, ਰਵਿੰਦਰ ਸਿੰਘ, ਬਲਬੀਰ ਸਿੰਘ, ਰਘਬੀਰ ਸਿੰਘ, ਗੁਰਇੰਦਰ ਸਿੰਘ, ਹਰਬੰਸ ਸਿੰਘ, ਗੁਰਦੇਵ ਕੌਰ, ਭੁਪਿੰਦਰ ਸਿੰਘ, ਦਵਿੰਦਰ ਕੌਰ, ਗੁਰਬਚਨ ਸਿੰਘ, ਹਰਮਿੰਦਰ ਕੌਰ, ਮਨਪ੍ਰੀਤ ਸਿੰਘ, ਸੁਖਵੰਤ ਸਿੰਘ, ਧਰਮ ਸਿੰਘ, ਕੇਸਰ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਰਘਬੀਰ ਕੌਰ, ਮੇਜਰ ਸਿੰਘ, ਭੁਪਿੰਦਰਪਾਲ ਸਿੰਘ, ਤਰਨਜੋਤ ਸਿੰਘ, ਹਰਜੀਤ ਸਿੰਘ, ਸੱਜਣ ਸਿੰਘ, ਮਨਜੀਤ ਸਿੰਘ ਵੀ ਮੌਜੂਦ ਸਨ।