nabaz-e-punjab.com

ਹਾਈ ਕੋਰਟ ਵੱਲੋਂ ਸ਼ਰਾਬ ਠੇਕਾ ਰਿਹਾਇਸ਼ੀ ਖੇਤਰ ’ਚੋਂ ਬਾਹਰ ਸ਼ਿਫ਼ਟ ਕਰਨ ਦੇ ਆਦੇਸ਼

ਉੱਚ ਅਦਾਲਤ ਵੱਲੋਂ ਮੁਹਾਲੀ ਦੇ ਡੀਸੀ, ਐਸਐਸਪੀ, ਗਮਾਡਾ ਤੇ ਐਕਸਾਈਜ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਸਥਾਨਕ ਸੈਕਟਰ-69 ਵਿੱਚ ਗਰੇਸ਼ੀਅਨ ਹਸਪਤਾਲ ਦੇ ਸਾਹਮਣੇ ਵਾਲੀ ਥਾਂ ਤੇ ਖੁੱਲੇ ਸ਼ਰਾਬ ਦੇ ਠੇਕੇ (ਜਿਸਦੇ ਵਿਰੋਧ ਵਿੱਚ ਸੈਕਟਰ-69 ਅਤੇ ਪਿੰਡ ਕੁੰਭੜਾ ਦੇ ਵਸਨੀਕਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ) ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਗਲੇ 8 ਹਫਤਿਆਂ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਆਲ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-69 ਵੱਲੋਂ ਅਦਾਲਤ ਵਿੱਚ ਪਾਈ ਗਈ ਇੱਕ ਪਟੀਸ਼ਨ ਤੇ ਕਾਰਵਾਈ ਕਰਦਿਆਂ ਮੁੱਖ ਜੱਜ ਕ੍ਰਿਸ਼ਨਾ ਮੁਰਾਰੀ ਅਤੇ ਅਰੁਣ ਪਿਲਈ ’ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਗਮਾਡਾ, ਡਿਪਟੀ ਕਮਿਸ਼ਨਰ ਮੁਹਾਲੀ, ਈਟੀਓ ਮੁਹਾਲੀ ਅਤੇ ਐਸਐਸਪੀ ਮੁਹਾਲੀ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਅਗਲੇ ਅੱਠ ਹਫਤਿਆਂ ਦੇ ਵਿੱਚ ਇਸ ਠੇਕੇ ਨੂੰ ਕਿਤੇ ਹੋਰ ਤਬਦੀਲ ਕੀਤਾ ਜਾਵੇ।
ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲਾਂ ਜੇਐਸ ਚਾਹਲ ਅਤੇ ਸੌਰਵ ਭਾਟੀਆ ਨੇ ਅਦਾਲਤ ਨੂੰ ਦੱਸਿਆ ਕਿ ਇਹ ਠੇਕਾ ਗ੍ਰੇਸ਼ੀਅਨ ਹਸਪਤਾਲ ਅਤੇ ਦੂਨ ਇੰਟਰ ਨੈਸ਼ਨਲ ਸਕੂਲ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਇਸ ਦੇ ਨੇੜੇ ਹੀ ਇਕ ਮੰਦਰ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਠੇਕੇ ਦੇ ਮਾਲਕਾਂ ਵੱਲੋਂ ਗਮਾਡਾ ਨੂੰ ਇਹ ਲਿਖ ਕੇ ਦਿੱਤਾ ਜਾਂਦਾ ਹੈ ਕਿ ਜੇਕਰ ਵਸਨੀਕਾਂ ਦੀ ਕਿਸੇ ਸੰਸਥਾ ਵੱਲੋਂ ਠੇਕੇ ਦੇ ਮੌਜੂਦ ਹੋਣ ਤੇ ਇਤਰਾਜ਼ ਹੋਵੇਗਾ ਤਾਂ ਉਹ ਆਪਣਾ ਠੇਕਾ ਕਿਤੇ ਹੋਰ ਤਬਦੀਲ ਕਰ ਲਵੇਗਾ। ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸ ਸਬੰਧੀ ਪਟੀਸ਼ਨਰ ਵੱਲੋਂ ਵਾਰ-ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਇਸ ਠੇਕੇ ਨੂੰ ਤਬਦੀਲ ਕਰਨ ਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਥਾਂ ’ਤੇ ਠੇਕਾ ਖੁੱਲ੍ਹਣ ਸਾਰ ਹੀ ਪਿੰਡ ਕੁੰਭੜਾ ਅਤੇ ਸੈਕਟਰ-69 ਦੇ ਵਸਨੀਕਾਂ ਵੱਲੋਂ ਇਸ ਠੇਕੇ ਦਾ ਵਿਰੋਧ ਆਰੰਭ ਹੋ ਗਿਆ ਸੀ ਅਤੇ ਇਸ ਸਬੰਧੀ ਵਸਨੀਕਾਂ ਵੱਲੋਂ ਇੱਥੇ ਧਰਨਾ ਵੀ ਲਾਇਆ ਗਿਆ ਸੀ ਪੰ੍ਰਤੂ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ ਅਤੇ ਹੁਣ ਅਦਾਲਤ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਜਾਣ ਨਾਲ ਇਹ ਮਾਮਲਾ ਹੱਲ ਹੋਣ ਦੀ ਸੰਭਾਵਨਾ ਬਣ ਗਈ ਹੈ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…