ਦਰੱਖ਼ਤ ਕੱਟਣ ਦੀ ਸ਼ਿਕਾਇਤ ਝੂਠੀ: ਹਾਈ ਕੋਰਟ ਵੱਲੋਂ ਮਹਿਲਾ ਸਰਪੰਚ ਦੀ ਮੁਅੱਤਲੀ ਦੇ ਹੁਕਮ ਰੱਦ

ਪੰਚਾਇਤ ਵਿਭਾਗ ਦੇ ਡਾਇਰੈਕਟਰ ਤੇ ਵਿੱਤ ਕਮਿਸ਼ਨਰ ’ਤੇ ਇਕਪਾਸੜ ਕਾਰਵਾਈ ਕਰਨ ਦਾ ਦੋਸ਼

ਨੌਜਵਾਨ ਸਭਾ ਦੁਰਾਲੀ ਨੇ ਹਰੇ ਭਰੇ ਫੁੱਲ ਬੂਟੇ ਲਗਾ ਕੇ ਪਾਰਕ ਨੂੰ ਵਧੀਆ ਤਰੀਕੇ ਨਾਲ ਕੀਤਾ ਵਿਕਸਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਥੋਂ ਦੇ ਨਜ਼ਦੀਕੀ ਪਿੰਡ ਦੁਰਾਲੀ ਦੀ ਮਹਿਲਾ ਸਰਪੰਚ ਸੁਖਵੀਰ ਕੌਰ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰ ਵੱਲੋਂ ਜਾਰੀ ਜਾਰੀ ਉਨ੍ਹਾਂ (ਮਹਿਲਾ ਸਰਪੰਚ) ਦੇ ਮੁਅੱਤਲੀ ਦੇ ਹੁਕਮ ਮੁੱਢੋਂ ਰੱਦ ਕਰ ਦਿੱਤੇ ਹਨ। ਅੱਜ ਇੱਥੇ ਨੌਜਵਾਨ ਸਭਾ ਦੁਰਾਲੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੋਨੀ ਨੇ ਹਾਈ ਕੋਰਟ ਦੇ ਫੈਸਲੇ ਕਾਪੀ ਮੀਡੀਆ ਨੂੰ ਸੌਂਪਦਿਆਂ ਦੱਸਿਆ ਕਿ ਦਰੱਖਤ ਕੱਟਣ ਦੀ ਝੂਠੀ ਸ਼ਿਕਾਇਤ ਦੇ ਆਧਾਰ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਅਤੇ ਵਿੱਤ ਕਮਿਸ਼ਨਰ (ਵਿਕਾਸ) ਨੇ ਉਨ੍ਹਾਂ ਦੀ ਪਤਨੀ ਅਤੇ ਸਰਪੰਚ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸੀ। ਸਰਕਾਰ ਇਸ ਇਕਪਾਸੜ ਕਾਰਵਾਈ ਨੂੰ ਗੈਰਵਾਜ਼ਬ ਮੰਨਦਿਆਂ ਹਾਈ ਕੋਰਟ ਨੇ ਪਹਿਲੀ ਹੀ ਸੁਣਵਾਈ ’ਤੇ ਇਹ ਹੁਕਮ ਰੱਦ ਕੀਤੇ ਗਏ ਹਨ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਦੀ ਹਾਲਤ ਕਾਫ਼ੀ ਖਸਤਾ ਸੀ। ਨੌਜਵਾਨ ਸਭਾ ਦੁਰਾਲੀ ਨੇ ਉਪਰਾਲਾ ਕਰਕੇ ਸ਼ਮਸ਼ਾਨਘਾਟ ਵਿੱਚ ਮਿੱਟੀ ਦਾ ਭਰਤ ਪਾਇਆ ਅਤੇ ਉੱਥੇ 100 ਤੋਂ ਵੱਧ ਫੁੱਲ ਬੂਟੇ ਲਗਾਏ ਅਤੇ ਖ਼ੂਬਸੂਰਤ ਪਾਰਕ ਤਿਆਰ ਕੀਤਾ ਗਿਆ ਪ੍ਰੰਤੂ ਉਨ੍ਹਾਂ ਦੇ ਵਿਰੋਧੀਆਂ ਖਾਸ ਕਰਕੇ ਪੰਚਾਇਤੀ ਚੋਣ ਹਾਰਨ ਵਾਲੇ ਉਮੀਦਵਾਰ ਨੇ ਮਹਿਲਾ ਸਰਪੰਚ ਵਿਰੁੱਧ ਝੂਠੀ ਸ਼ਿਕਾਇਤ ਕੀਤੀ ਗਈ। ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨੇੜੇ ਹੋਣ ਕਰਕੇ ਹੇਠਲੇ ਅਧਿਕਾਰੀਆਂ ਤੋਂ ਮਨਮਰਜ਼ੀ ਦੀ ਰਿਪੋਰਟ ਤਿਆਰ ਕਰਵਾਈ ਗਈ। ਇਹੀ ਨਹੀਂ ਹੇਠਲੇ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ’ਤੇ ਹੀ ਸਿਆਸੀ ਦਬਾਅ ਪੈਣ ਕਾਰਨ ਪੰਚਾਇਤ ਵਿਭਾਗ ਦੇ ਡਾਇਰੈਕਟਰ ਕੋਲੋਂ ਸਰਪੰਚ ਦੇ ਮੁਅੱਤਲੀ ਦੇ ਹੁਕਮ ਕਰਵਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਵਿੱਤ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੀਮਾ ਜੈਨ ਕੋਲ ਅਪੀਲ ਦਾਇਰ ਕੀਤੀ ਗਈ। ਉਨ੍ਹਾਂ ਨੇ ਬਿਨਾਂ ਸੁਣਵਾਈ ਤੋਂ ਅੱਗੇ ਤੋਂ ਅੱਗੇ ਤਰੀਕ ਪਾਉਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਦੁਖੀ ਹੋ ਕੇ ਉਨ੍ਹਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਅਤੇ ਇਨਸਾਫ਼ ਦੀ ਗੁਹਾਰ ਲਗਾਈ ਗਈ। ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 20 ਦਿਨਾਂ ਅੰਦਰ ਅੰਦਰ ਇਸ ਕੇਸ ਦਾ ਨਿਬੇੜਾ ਕਰਨ ਦੇ ਆਦੇਸ਼ ਦਿੱਤੇ ਗਏ।

ਵਿੱਤ ਕਮਿਸ਼ਨਰ ਨੇ ਕੁੱਝ ਦਿਨਾਂ ਲਈ ਡਾਇਰੈਕਟਰ ਵੱਲੋਂ ਜਾਰੀ ਮੁਅੱਤਲੀ ਦੇ ਹੁਕਮਾਂ ’ਤੇ ਸਟੇਅ ਕਰਕੇ ਸਰਪੰਚ ਦੀ ਅਪੀਲ ਰੱਦ ਕਰ ਦਿੱਤੀ। ਇਸ ਮਗਰੋਂ ਉਹ ਮੁੜ ਹਾਈ ਕੋਰਟ ਦੀ ਸ਼ਰਨ ਵਿੱਚ ਚਲੇ ਗਏ ਅਤੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਮਿੱਟੀ ਪਾਉਣ ਵਿੱਚ ਸਰਪੰਚ ਸੁਖਵੀਰ ਕੌਰ ਦਾ ਕੋਈ ਦਖ਼ਲ ਨਹੀਂ ਸੀ ਅਤੇ ਨਾ ਹੀ ਉਹ ਕਦੇ ਉੱਥੇ ਗਏ ਸੀ। ਇਹ ਸਾਰਾ ਕੰਮ ਨੌਜਵਾਨ ਸਭਾ ਨੇ ਆਪਣੇ ਵਸੀਲਿਆਂ ਨਾਲ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਦਰੱਖਤ ਨਹੀਂ ਕੱਟਿਆ ਗਿਆ, ਸਗੋਂ 100 ਤੋਂ ਵੱਧ ਨਵੇਂ ਫੁੱਲ ਬੂਟੇ ਲਗਾਏ ਗਏ ਜੋ ਹੁਣ ਤਿੰਨ ਸਾਲ ਬਾਅਦ ਕਾਫ਼ੀ ਵੱਡੇ ਹੋ ਗਏ ਹਨ। ਇਨ੍ਹਾਂ ਬੂਟਿਆਂ ਅਤੇ ਪਾਰਕ ਨੂੰ ਪਾਣੀ ਲਗਾਉਣ ਲਈ ਨੌਜਵਾਨ ਸਭਾ ਵੱਲੋਂ 180 ਫੁੱਟ ਡੂੰਘਾ ਬੋਰ ਵੀ ਕਰਵਾਇਆ ਗਿਆ ਹੈ। ਹਾਈ ਕੋਰਟ ਨੇ ਪਹਿਲੀ ਸੁਣਵਾਈ ’ਤੇ ਹੀ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਮਹਿਲਾ ਸਰਪੰਚ ਨੂੰ ਮੁਅੱਤਲ ਕਰਨ ਦੇ ਹੁਕਮ ਮੁੱਢੋਂ ਰੱਦ ਕੀਤੇ ਗਏ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…