nabaz-e-punjab.com

ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਤੇ ਐਲੀਵੇਟਿਡ ਸੜਕ ਛੇਤੀ ਬਣਾਉਣ ਲਈ ਹਾਈ ਕੋਰਟ ਦਾ ਦਖ਼ਲ ਮੰਗਿਆ

ਬੀਰਦਵਿੰਦਰ ਸਿੰਘ ਵੱਲੋਂ ਹਾਈ ਕੋਰਟ ਦੇ ਚੀਫ਼ ਜਸਟਿਸ ਤੋਂ ਸਬੰਧਤ ਅਧਿਕਾਰੀਆਂ ਦੀ ਜਵਾਬ ਤਲਬੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਅਤੇ ਐਲੀਵੇਟਿਡ ਸੜਕ ਦਾ ਪ੍ਰਾਜੈਕਟ ਸਿਰੇ ਨਾ ਚੜ੍ਹਨ ਕਾਰਨ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰਾਂ ਅਤੇ ਹੋਰਨਾਂ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਮੁੱਖ ਸੜਕ ’ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ ਅਤੇ ਮਹਿਜ਼ 5 ਮਿੰਟ ਦਾ ਸਫ਼ਰ ਤੈਅ ਕਰਨ ਵਿੱਚ ਅੱਧਾ ਜਾਂ ਪੌਣਾ ਘੰਟਾ ਲੱਗ ਜਾਂਦਾ ਹੈ। ਇਸ ਦੌਰਾਨ ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਕਈ ਵਾਰ ਵਾਹਨ ਚਾਲਕ ਆਪਸ ਵਿੱਚ ਉਲਝ ਵੀ ਪੈਂਦੇ ਹਨ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਫਲਾਈਓਵਰ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇਸ ਮਾਮਲੇ ਵਿੱਚ ਆਪਣੇ ਤੌਰ ’ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਮੇਂ ਸਿਰ ਪੂਰਾ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਫਲਾਈਓਵਰ ਅਤੇ ਐਲੀਵੇਟਿਡ ਹਾਈਵੇਅ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਪ੍ਰਾਜੈਕਟ ਵਿੱਚ ਲਗਾਤਾਰ ਹੋ ਰਹੀ ਦੇਰੀ ਲਈ ਅਧਿਕਾਰੀਆਂ ਦੀ ਜਵਾਬ ਤਲਬੀ ਕਰਨੀ ਚਾਹੀਦੀ ਹੈ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਫਲਾਈਓਵਰ ਪ੍ਰਾਜੈਕਟ ਵਿੱਚ ਆ ਰਹੀ ਦੇਰੀ ਦੇ ਕਾਰਨ ਜਿੱਥੇ ਰਾਹਗੀਰਾਂ ਨੂੰ ਮੁਸ਼ਕਲ ਆ ਰਹੀ ਹੈ, ਉੱਥੇ ਛੋਟੇ ਵਪਾਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸਤੰਬਰ 2016 ਵਿੱਚ ਪਾਸ ਕੀਤੇ ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਪ੍ਰਾਜੈਕਟ ਦਸੰਬਰ 2018 ਤੱਕ ਪੂਰਾ ਕਰਨਾ ਸੀ ਪਰ ਬਦਕਿਸਮਤੀ ਨਾਲ ਸਰਕਾਰ ਇਹ ਕੰਮ ਮੁਕੰਮਲ ਵਿੱਚ ਬੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਐਲੀਵੇਟਿਡ ਹਾਈਵੇਅ ਬਣਾਉਣ ਲਈ ਲੋੜੀਂਦੀ ਜ਼ਮੀਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਸੌਂਪਣ ਲਈ ਇਹ ਮਹੱਤਵਪੂਰਨ ਪ੍ਰਾਜੈਕਟ ਉਦੋਂ ਤੋਂ ਲੰਮਾ ਖਿੱਚਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੀ ਡਬਲਿਊ ਡੀ ਅਤੇ ਹੋਰ ਸਬੰਧਤ ਮੰਤਰੀ ਇਸ ਪ੍ਰਾਜੈਕਟ ਦੀ ਲੇਟ ਲਤੀਫ਼ੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਦੇ ਲੋਕ ਜੋ ਚੰਡੀਗੜ੍ਹ ਵਿੱਚ ਘੁੰਮਣ ਫਿਰਨ ਜਾਂ ਆਪਣੇ ਕੰਮਾਂ ਕਾਰਾਂ ਆਉਂਦੇ ਹਨ, ਉਨ੍ਹਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਵਿਸ਼ੇਸ਼ ਸੜਕ ’ਛੇ ਟਰੈਫ਼ਿਕ ਜਾਮ ਹੋਣ ਕਾਰਨ ਐਂਬੂਲੈਂਸਾਂ ਅਤੇ ਵਿਆਹ ਨਾਲ ਸਬੰਧਤ ਗੱਡੀਆਂ ਵੀ 10 ਕਿੱਲੋਮੀਟਰ ਦੇ ਹਾਈਵੇਅ ’ਤੇ ਲੰਮਾ ਸਮਾਂ ਜਾਮ ਵਿੱਚ ਫਸੀਆਂ ਰਹਿੰਦੀਆ ਹਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…