ਸਰਕਾਰ ਦੀ ਨਾਲਾਇਕੀ ਕਾਰਨ ਹਾਈ ਕੋਰਟ ਨੇ ਨਿੱਜੀ ਸਕੂਲਾਂ ਦੇ ਹੱਕ ’ਚ ਸੁਣਾਇਆ ਫੈਸਲਾ: ਬੱਬੀ ਬਾਦਲ

ਸਕੂਲ ਫੀਸ ਮਾਮਲੇ ਵਿੱਚ ਸਰਕਾਰ ਹਾਈ ਕੋਰਟ ਵਿੱਚ ਮਜ਼ਬੂਤ ਪੱਖ ਰੱਖਣ ’ਚ ਫੇਲ੍ਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਕਥਿਤ ਨਾਲਾਇਕੀ ਕਾਰਨ ਹਾਈ ਕੋਰਟ ਨੇ ਫੀਸਾਂ ਦੇ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਫੀਸਾਂ ਦੇ ਮਾਮਲੇ ਵਿੱਚ ਸਰਕਾਰ ਉੱਚ ਅਦਾਲਤ ਵਿੱਚ ਆਪਣਾ ਮਜ਼ਬੂਤ ਪੱਖ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋ ਗਈ ਹੈ।
ਅੱਜ ਇੱਥੇ ਬੱਬੀ ਬਾਦਲ ਨੇ ਪੀੜਤ ਮਾਪਿਆਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਪ੍ਰਾਈਵੇਟ ਸਕੂਲਾਂ ਨੇ ਆਨਲਾਈਨ ਪੜ੍ਹਾਈ ਦਾ ਹਵਾਲਾ ਦੇ ਕੇ ਮਾਪਿਆਂ ਤੋਂ ਪੂਰੀਆਂ ਫੀਸਾਂ ਵਸੂਲਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਲੌਕਡਾਉਨ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਦੀਆਂ ਫੀਸਾਂ ਦੇਣ ਅਤੇ ਹੋਰ ਖਰਚੇ ਝੱਲਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿੱਜੀ ਸਕੂਲਾਂ ਨੂੰ ਫੀਸ ਨਾ ਲੈਣ ਅਤੇ ਕਿਸੇ ਵੀ ਸੂਰਤ ਵਿੱਚ ਬੱਚੇ ਦਾ ਸਕੂਲ ਤੋਂ ਨਾਮ ਨਾ ਕੱਟਣ ਬਾਰੇ ਕਿਹਾ ਗਿਆ ਸੀ ਲੇਕਿਨ ਸਕੂਲਾਂ ਦੀਆਂ ਵਧੀਕੀਆਂ ਖ਼ਿਲਾਫ਼ ਮਾਪਿਆਂ ਨੂੰ ਉੱਚ ਅਦਾਲਤ ਦੀ ਸ਼ਰਨ ਵਿੱਚ ਜਾਣਾ ਪਿਆ ਪਰ ਉਨ੍ਹਾਂ ਨੂੰ ਉੱਥੇ ਵੀ ਇਨਸਾਫ਼ ਨਹੀਂ ਮਿਲਿਆ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ-ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਪਰ ਇਹ ਫੈਸਲਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਲੋਕਾਂ ਦੇ ਖ਼ਿਲਾਫ਼ ਗਿਆ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਸਰਕਾਰੀ ਵਕੀਲਾਂ ਦੀ ਫੌਜ ਹੈ ਪ੍ਰੰਤੂ ਲੋਕ ਹਿੱਤ ਵਾਲੇ ਇਸ ਕੇਸ ਦੀ ਠੋਸ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕੇਸ ਪੂਰੀ ਇਮਾਨਦਾਰੀ ਨਾਲ ਲੜਿਆ ਹੁੰਦਾ ਤਾਂ ਅੱਜ ਮਾਪਿਆਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਤਿੰਨ ਮਹੀਨੇ ਦੀ ਫੀਸ ਖ਼ੁਦ ਜਮ੍ਹਾ ਕਰਵਾਏ। ਇਸ ਮੌਕੇ ਯੂਥ ਵਿੰਗ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਦਰਸ਼ਨ ਸਿੰਘ, ਹਾਕਮ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਕੌਰ, ਮਨਜੀਤ ਕੌਰ, ਕੁਲਜੀਤ ਕੌਰ ਵੀ ਹਾਜ਼ਰ ਸਨ।

Load More Related Articles

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …