nabaz-e-punjab.com

ਹਾਈ ਕੋਰਟ ਦੇ ਵਾਰੰਟ ਅਫ਼ਸਰ ਨੇ ਸੋਹਾਣਾ ਪੁਲੀਸ ਦੀ ਨਾਜਾਇਜ਼ ਹਿਰਾਸਤ ’ਚੋਂ ਛੁਡਾਏ ਕੁੰਭੜਾ ਦੇ ਛੇ ਨੌਜਵਾਨ

ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨਾਂ ਨੂੰ ਚੋਰੀ ਦੇ ਦੋਸ਼ ਵਿੱਚ ਲਿਆ ਸੀ ਹਿਰਾਸਤ ਵਿੱਚ

ਵਕੀਲ ਦੇ ਘਰ ਕੰਮ ਕਰਨ ਵਾਲੀ ਲੜਕੀਆਂ ਨੇ ਖੜਕਾਇਆ ਹਾਈ ਕੋਰਟ ਦਾ ਬੂਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਸੋਹਾਣਾ ਪੁਲੀਸ ਵੱਲੋਂ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਛੇ ਦਲਿਤ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਸ਼ਾਮੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਜਾਣਕਾਰਾਂ ਨੇ ਸੋਹਾਣਾ ਥਾਣੇ ਨੂੰ ਘੇਰ ਲਿਆ। ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਅਫ਼ਸਰ ਨੇ ਮੌਕੇ ’ਤੇ ਪਹੁੰਚ ਕੇ ਛੇ ਨੌਜਵਾਨਾਂ ਸਿਕੰਦਰ ਸਿੰਘ, ਹਰਪ੍ਰੀਤ ਸਿੰਘ, ਅਨਿਲ ਕੁਮਾਰ, ਕਪਿਲ ਕੁਮਾਰ, ਗੱਗੂ ਤੇ ਹੀਰੋ ਨੂੰ ਪੁਲੀਸ ਹਿਰਾਸਤ ’ਚੋਂ ਛੁਡਾਇਆ ਗਿਆ।
ਸੋਹਾਣਾ ਥਾਣੇ ਦੇ ਬਾਹਰ ਇਕੱਠੇ ਹੋਏ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 6 ਦਿਨ ਪਹਿਲਾਂ ਪੁਲੀਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਚੋਰੀ ਦੇ ਦੋਸ਼ ਵਿੱਚ ਕਥਿਤ ਤੌਰ ’ਤੇ ਹਿਰਾਸਤ ਵਿੱਚ ਲੈ ਲਿਆ ਸੀ। ਲੇਕਿਨ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਬੱਚਿਆਂ ਤੋਂ ਕੁੱਝ ਵੀ ਬਰਾਮਦ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਉਕਤ ਨੌਜਵਾਨਾਂ ’ਤੇ ਤਸ਼ੱਦਦ ਢਾਹਿਆ ਗਿਆ। ਜਿਸ ਕਾਰਨ ਉਹ ਚਲਣ ਫਿਰਨ ਤੋਂ ਲਾਚਾਰ ਹਨ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸਿਕੰਦਰ ਸਿੰਘ ਦੀਆਂ ਭੈਣਾ ਇੱਕ ਨਾਮੀ ਵਕੀਲ ਦੇ ਘਰ ਕੰਮ ਕਰਦੀਆਂ ਹਨ। ਉਨ੍ਹਾਂ ਨੇ ਹਿੰਮਤ ਕਰਕੇ ਸਾਰੀ ਗੱਲ ਵਕੀਲ ਨੂੰ ਦੱਸੀ ਅਤੇ ਵਕੀਲ ਦੀ ਮਦਦ ਨਾਲ ਨੌਜਵਾਨ ਦੀ ਭੈਣਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ। ਹਾਈ ਕੋਰਟ ਨੇ ਵੱਖ ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਅਤੇ ਲੜਕੀਆਂ ਦੀ ਫਰਿਆਦ ਸੁਣਨ ਤੋਂ ਬਾਅਦ ਵਾਰੰਟ ਅਫ਼ਸਰ ਨਿਯੁਕਤ ਕੀਤਾ ਗਿਆ। ਇਸ ਮਗਰੋਂ ਵਾਰੰਟ ਅਫ਼ਸਰ ਨੇ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸੋਹਾਣਾ ਥਾਣੇ ’ਤੇ ਛਾਪਾ ਮਾਰ ਕੇ ਪੁਲੀਸ ਦੀ ਨਾਜਾਇਜ਼ ਹਿਰਾਸਤ ’ਚੋਂ ਉਕਤ ਨੌਜਵਾਨਾਂ ਨੂੰ ਛੁਡਾਇਆ ਗਿਆ।
ਉਧਰ, ਇਸ ਸਬੰਧੀ ਸੋਹਾਣਾ ਥਾਣਾ ਦੇ ਐਸਐਚਓ ਰਾਜਨ ਪਰਵਿੰਦਰ ਸਿੰਘ ਨਾਲ ਗੱਲ ਕਰਕੇ ਪੁਲੀਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਥਾਣਾ ਮੁਖੀ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਹਾਲਾਂਕਿ ਕੁੱਝ ਸਿਆਸੀ ਆਗੂ ਵੀ ਮੌਕੇ ’ਤੇ ਪਹੁੰਚ ਗਏ ਸੀ ਪ੍ਰੰਤੂ ਪੁਲੀਸ ਦਾ ਦਬਾਅ ਪੈਣ ਕਾਰਨ ਉਹ ਉੱਥੋਂ ਖਿਸਕ ਗਏ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…