nabaz-e-punjab.com

ਜ਼ੀਰਕਪੁਰ ਵਿੱਚ ਬਹੁ-ਮੰਜ਼ਲਾ ਇਮਾਰਤਾਂ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਕਮੇਟੀ ਬਣਾਉਣ ਦੀ ਕੀਤੀ ਸਿਫਾਰਸ਼

ਪੀਰ ਮੁਛੱਲਾ ਵਿਖੇ ਵਾਪਰੀ ਇਮਾਰਤ ਡਿੱਗਣ ਦੀ ਘਟਨਾ ਦੇ ਸੰਦਰਭ ਵਿਚ ਕੀਤੀ ਜਾ ਰਹੀ ਹੈ ਕਾਰਵਾਈ

ਅਧਿਕਾਰੀਆਂ ਨੂੰ ਮੌਕਾ ਦੇਖੇ ਤੋਂ ਬਿਨਾਂ ਕੋਈ ਵੀ ਨਕਸ਼ਾ ਪਾਸ ਨਾ ਕਰਨ ਦੀ ਵੀ ਕੀਤੀ ਸਿਫ਼ਾਰਸ਼

ਡੀਸੀ ਸ੍ਰੀਮਤੀ ਸਪਰਾ ਨੇ ਕਮੇਟੀ ਸਬੰਧੀ ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਪੱਤਰ ਲਿਖ ਕੇ ਸਿਫ਼ਾਰਿਸ਼ ਕੀਤੀ ਹੈ ਕਿ ਨਗਰ ਕੌਂਸਲ ਜ਼ੀਰਕਪੁਰ ਅਧੀਨ ਪਿਛਲੇ ਤਿੰਨ ਸਾਲਾਂ ਵਿਚ ਬਣੀਆਂ ਸਾਰੀਆਂ ਬਹੁ-ਮੰਜ਼ਿਲਾ ਇਮਾਰਤਾਂ ਦੇ ਨਕਸ਼ਿਆਂ ਦਾ ਰਿਵੀਊ ਹੋਣਾ ਅੱਤ ਜ਼ਰੂਰੀ ਹੈ ਕਿਉਂਕਿ ਇਹ ਧਿਆਨ ਵਿਚ ਆਇਆ ਹੈ ਕਿ ਘੱਗਰ ਦੇ ਰੀਕਲੇਮਡ ਬੈਡ ਵਿਚ ਇਮਾਰਤਾਂ ਬਣਾਈਆਂ ਗਈਆਂ ਹਨ। ਅਜਿਹੇ ਹਾਲਾਤ ਵਿਚ ਇਹ ਅਤਿ ਜ਼ਰੂਰੀ ਹੈ ਕਿ ਇਸ ਸਬੰਧੀ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਜਾਵੇ, ਜਿਸ ਵਿਚ ਆਈ.ਆਈ.ਟੀ ਰੁੜਕੀ ਜਾਂ ਆਈ.ਆਈ.ਟੀ ਦਿੱਲੀ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣ, ਜੋ ਹੋਰਨਾਂ ਪੱਖਾਂ ਤੋਂ ਇਲਾਵਾ ਭੂਚਾਲ ਸਹਿਣ ਦੀ ਸਮਰੱਥਾ, ਢਾਂਚੇ ਦੀ ਸੁਰੱਖਿਆ ਸਬੰਧੀ ਨਿਯਮਾਂ, ਇਮਾਰਤਾਂ ਦੀ ਮਿਆਦ ਅਤੇ ਸੁਆਇਲ ਬੀਅਰਿੰਗ ਸਮਰੱਥਾ ਆਦਿ ਦੀ ਜਾਂਚ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਵਾਪਰੀ ਇਮਾਰਤ ਡਿੱਗਣ ਵਰਗੀ ਕੋਈ ਹੋਰ ਘਟਨਾ ਨਾ ਵਾਪਰੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪੀਰ ਮੁਛੱਲਾ ਵਿਖੇ ਵਾਪਰੀ ਘਟਨਾ ਵਿਚ ਭਾਵੇਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਆਸ-ਪਾਸ ਦੇ ਕੀਤੇ ਗਏ ਸਰਸਰੀ ਮੁਆਇਨੇ ਤੋਂ ਘੱਗਰ ਦੇ ਰੀਕਲੇਮਡ ਬੈਡ ਵਿਚ ਇਮਾਰਤਾਂ ਬਣਾਉਣ ਦੇ ਨਾਲ-ਨਾਲ ਹੋਰ ਵੀ ਕਈ ਤੱਥ ਸਾਹਮਣੇ ਆਏ ਹਨ, ਜਿਵੇਂ ਕਿ ਰਾਜ ਵਿਚ ਰੇਰਾ ਦੀ ਸਥਾਪਨਾ ਉਪਰੰਤ ਗਰੁੱਪ ਹਾਊਸਿੰਗ ਪ੍ਰੋਜੈਕਟਸ ਲਈ ਰਜਿਸਟਰਡ ਬਿਲਡਰ ਹੀ ਉਸਾਰੀ ਕਰ ਸਕਦੇ ਹਨ ਪਰ 100 ਗਜ਼ ਦੇ ਪਲਾਟਾਂ ਵਿਚ ਫਲੈਟਸ ਦੀਆਂ ਉਸਾਰੀਆਂ ਹੋ ਰਹੀਆਂ ਹਨ, ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ ਕਿਉਂਕਿ ਇਹਨਾਂ ਬਿਲਡਰਜ਼ ਵੱਲੋਂ ਹਦਾਇਤਾਂ ਅਨੁਸਾਰ ਕਿਸੇ ਵੀ ਕਿਸਮ ਦੀ ਸੁਰੱਖਿਆ ਬਾਰੇ ਮਾਹਰਾਂ ਦੀ ਰਾਏ ਨਹੀਂ ਲਈ ਜਾ ਰਹੀ। ਉਹਨਾਂ ਨੇ ਪੱਤਰ ਵਿੱਚ ਵਧੀਕ ਮੁੱਖ ਸਕੱਤਰ ਨੂੰ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਹਦਾਇਤ ਦਿੱਤੀ ਜਾਵੇ ਕਿ ਮੌਕਾ ਵੇਖੇ ਬਿਨਾਂ ਕੋਈ ਵੀ ਇਮਾਰਤਾ ਦਾ ਨਕਸ਼ਾ ਪਾਸ ਨਾ ਕੀਤਾ ਜਾਵੇ ਕਿਉਂਕਿ ਨਾਜਾਇਜ਼ ਉਸਾਰੀ ਹੀ ਨੁਕਸਾਨ ਦਾ ਕਾਰਨ ਬਣਦੀ ਹੈ।
ਉਹਨਾਂ ਹੋਰ ਕਿਹਾ ਕਿ ਵੀ.ਆਈ.ਪੀ ਰੋਡ ਅਤੇ ਹੋਰਨਾਂ ਥਾਵਾਂ ਤੇ ਮਾਸਟਰ ਪਲੈਨ ਮੁਤਾਬਿਕ ਕਮਰਸ਼ੀਅਲ ਗਤੀਵਿਧੀਆਂ ਜਾਂ ਰਿਹਾਇਸ਼ੀ ਉਸਾਰੀਆਂ ਨਹੀਂ ਹੋਈਆਂ, ਉਲਟਾ ਨਜਾਇਜ਼ ਤੌਰ ‘ਤੇ ਬੇਸਮੈਂਟਸ ਬਣਾਈਆਂ ਗਈਆਂ ਹਨ ਅਤੇ ਕਈ ਬੇਸਮੈਂਟ ਪਾਰਕਿੰਗਜ ਵਿਚ ਦੁਕਾਨਾਂ, ਡਿਸਕੋ ਅਤੇ ਬਾਰਜ਼ ਬਣਾਏ ਜਾਣ ਕਰ ਕੇ ਪਾਰਕਿੰਗ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਗਈ ਹੈ। ਇਹਨਾਂ ਸਾਰੇ ਪੱਖਾਂ ਨੂੰ ਗਠਿਤ ਕੀਤੀ ਜਾਣ ਵਾਲੀ ਜਾਂਚ ਕਮੇਟੀ ਦੇ ਘੇਰੇ ਵਿਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਆਫਤ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਪੱਤਰ ਵਿੱਚ ਭਰੋਸਾ ਦਿੱਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇਸ ਸਬੰਧੀ ਪੂਰਨ ਸਹਿਯੋਗ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …