ਜਥੇਦਾਰ ਤਲਵੰਡੀ ਤੇ ਪੀਰਮੁਹੰਮਦ ਵੱਲੋਂ ਗੈਰ ਪੰਜਾਬੀ ਭਰਤੀਆਂ ਦੇ ਵੱਡੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਮੁੱਖ ਮੰਤਰੀ ਸੁਰੱਖਿਆ ਲਈ 192 ਗੈਰ ਪੰਜਾਬੀ ਸਿੱਧੇ ਭਰਤੀ ਕਰਨ ’ਤੇ ਚੁੱਕੇ ਸਵਾਲ

ਮੁੱਖ ਮੰਤਰੀ ਦੀ ਸੁਰੱਖਿਆ ਲਈ ਗੈਰ-ਪੰਜਾਬੀ ਅਫ਼ਸਰਾਂ/ਮੁਲਾਜ਼ਮਾਂ ਦੀ ਗੈਰ ਕਾਨੂੰਨੀ ਭਰਤੀ ਕੀਤੀ: ਪੀਰਮੁਹੰਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਅੱਜ ਵਿਸਾਲ ਇਕੱਠ ਕਰਕੇ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਬੇਟੇ ਅਤੇ ਪਾਰਟੀ ਦੇ ਸਕੱਤਰ ਜਨਰਲ ਰਣਜੀਤ ਸਿੰਘ ਤਲਵੰਡੀ ਦਾ ਵਿਸ਼ੇਸ਼ ਸਨਮਾਨ ਕੀਤਾ। ਜਿਨਾਂ ਨੂੰ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਡਸਾ ਨੇ ਬਹੁਤ ਅਹਿਮ ਜ਼ਿੰਮੇਵਾਰੀ ਦੇਕੇ ਨਿਵਾਜਿਆ ਹੈ। ਇਸ ਮੌਕੇ ਪਾਰਟੀ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ, ਮਾਨ ਸਿੰਘ ਗਰਚਾ, ਸੁਖਦੇਵ ਸਿੰਘ ਚੱਕ, ਜਗਤਾਰ ਸਿੰਘ ਤਲਵੰਡੀ ਹਾਜ਼ਰ ਸਨ।
ਇਸ ਮੌਕੇ ਰਣਜੀਤ ਸਿੰਘ ਤਲਵੰਡੀ ਅਤੇ ਕਰਨੈਲ ਸਿੰਘ ਪੀਰਮੁਹੰਮਦ ਨੇ ਸੂਬੇ ਦੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਗੈਰ-ਪੰਜਾਬੀ ਅਫ਼ਸਰਾਂ/ਮੁਲਾਜ਼ਮਾਂ ਦੀ ਭਰਤੀ ਲਈ ਗੈਰ ਕਾਨੂੰਨੀ ਭਰਤੀ ਪ੍ਰਕਿਰਿਆ ਰਾਹੀਂ 192 ਗੈਰ ਪੰਜਾਬੀ ਭਰਤੀ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਨੌਜਵਾਨ ਡਿਗਰੀਆਂ ਅਤੇ ਡਿਪਲੋਮੇ ਲੈ ਕੇ ਰੁਜ਼ਗਾਰ ਲਈ ਦਰ- ਦਰ ਭਟਕ ਰਹੇ ਹਨ, ਦੂਜੇ ਪਾਸੇ ਸੰਵਿਧਾਨ ਦੀ ਝੂਠੀ ਸਹੁੰ ਖਾ ਕੇ ਰਾਜਸੀ ਪਾਰਟੀਆਂ ਦੇ ਆਗੂ ਸੱਤਾ ਹਥਿਆਉਣ ਤੋਂ ਬਾਅਦ ਨੌਜਵਾਨਾਂ ਨੂੰ ਅਣਗੌਲਿਆ ਕਰਕੇ ਗੈਰ ਪੰਜਾਬੀਆਂ ਨੂੰ ਨੌਕਰੀਆਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਨੇ ਅਜਿਹੀ ਭਰਤੀ ਲਈ ਨਿਯਮਾਂ ਵਿੱਚ ਵਿਸ਼ੇਸ਼ ਛੋਟਾਂ ਦਿੱਤੀਆਂ ਹਨ। ਜਿਸ ਦੇ ਸਿੱਟੇ ਵਜੋਂ ਕਰੀਬ 19 ਸੂਬਿਆਂ ਦੇ ਸਰਵਿੰਗ/ਸੇਵਾਮੁਕਤ ਅਫ਼ਸਰ ਤੇ ਮੁਲਾਜ਼ਮ ਮੁੱਖ ਮੰਤਰੀ ਦੀ ਸੁਰੱਖਿਆ ਲਈ ਬਣੇ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਭਰਤੀ ਹੋਣ ਵਿੱਚ ਸਫਲ ਹੋ ਗਏ ਹਨ। ਹਾਲਾਂਕਿ ਸਿੱਧੀ ਭਰਤੀ ਦਾ ਰੌਲਾ ਪੈਣ ਮਗਰੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜੀਪੀ ਤੋਂ ਰਿਪੋਰਟ ਮੰਗੀ ਸੀ। ਰਿਪੋਰਟ ਅਨੁਸਾਰ ਕੇਂਦਰੀ ਸੁਰੱਖਿਆ ਬਲਾਂ ਦੇ ਸਰਵਿੰਗ/ਸੇਵਾਮੁਕਤ 209 ਅਫ਼ਸਰ ਤੇ ਮੁਲਾਜ਼ਮ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਭਰਤੀ ਕੀਤੇ ਗਏ ਹਨ।
ਸ੍ਰੀ ਤਲਵੰਡੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਵੀ ਸਾਲ 2014 ਅਤੇ ਸਾਲ 2016 ਵਿੱਚ 146 ਜਣੇ ਗੈਰ ਪੰਜਾਬੀ ਭਰਤੀ ਕੀਤੇ ਸਨ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ 63 ਅਧਿਕਾਰੀ ਭਰਤੀ ਕੀਤੇ ਗਏ ਹਨ। ਸ੍ਰੀ ਪੀਰਮੁਹੰਮਦ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 23 ਜੁਲਾਈ 2013 ਨੂੰ ਪੰਜਾਬ ਕੈਬਨਿਟ ਨੇ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ ਸਰਵਿੰਗ/ਸੇਵਾਮੁਕਤ 300 ਕਰਮਚਾਰੀ ਕਰਨ ਲਈ ਪ੍ਰਵਾਨਗੀ ਦਿੱਤੀ ਸੀ ਅਤੇ ਪੜਾਅਵਾਰ ਭਰਤੀ ਕਰਨ ਦਾ ਫੈਸਲਾ ਕੀਤਾ ਸੀ। ਇਸੇ ਆਧਾਰ ’ਤੇ 29 ਅਗਸਤ 2013 ਨੂੰ ਭਰਤੀ ਲਈ ਛੇ ਮੈਂਬਰੀ ਭਰਤੀ ਕਮੇਟੀ ਦਾ ਗਠਨ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਟਰੇਨਰ ਤੇ ਟੈਕਨੀਕਲ ਅਫ਼ਸਰ ਭਰਤੀ ਲਈ ਜਨਰਲ ਕੈਟਾਗਰੀ ਲਈ ਉਮਰ ਹੱਦ ਪਹਿਲੀ ਦਫ਼ਾ 42 ਸਾਲ ਕੀਤੀ ਗਈ ਅਤੇ ਦੂਜੀ ਦਫ਼ਾ ਇਹ ਉਮਰ ਹੱਦ 45 ਸਾਲ ਕੀਤੀ ਗਈ। ਕੈਪਟਨ ਸਰਕਾਰ ਨੇ ਤਾਂ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਿੱਚ ਵਧੇਰੇ ਇੰਸਪੈਕਟਰਾਂ ਦੀ ਲੋੜ ਦੇ ਮੱਦੇਨਜ਼ਰ 28 ਜੁਲਾਈ 2021 ਨੂੰ 30 ਸਬ ਇੰਸਪੈਕਟਰਾਂ ਦੀਆਂ ਅਸਾਮੀਆਂ ਸਰੰਡਰ ਕਰਕੇ 29 ਇੰਸਪੈਕਟਰ ਰੈਂਕ ਦੀਆਂ ਅਸਾਮੀਆਂ ਦੀ ਰਚਨਾ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਸਵਾਲ ਕੀਤਾ ਕੀ ਹੁਣ ਇਹ ਜਾਣਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਠੋਸ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਹਾਲੇ ਰਿਪੋਰਟ ਦਾ ਮੁਲਾਂਕਣ ਕਰਨ ਦੀ ਆੜ ਵਿੱਚ ਫਾਈਲ ਬੰਦ ਕਰ ਦਿੱਤੀ ਜਾਵੇਗੀ?
‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਭਰਤੀ ਕੀਤੇ 209 ’ਚੋਂ ਪੰਜਾਬ ਦੇ ਸਿਰਫ਼ 17 ਕਰਮਚਾਰੀ ਹਨ ਜਦੋਂ ਕਿ ਬਾਕੀ 19 ਸੂਬਿਆਂ ਦੇ 192 ਕਰਮਚਾਰੀ ਹਨ. ਇਸ ਯੂਨਿਟ ਵਿੱਚ ਹਰਿਆਣਾ ਦੇ ਸਭ ਤੋਂ ਵੱਧ 36, ਉੱਤਰ ਪ੍ਰਦੇਸ਼ ਦੇ 35, ਰਾਜਸਥਾਨ ਦੇ 26, ਹਿਮਾਚਲ ਪ੍ਰਦੇਸ਼ ਦੇ 22, ਉੱਤਰਾਖੰਡ ਦੇ 14, ਜੰਮੂ ਕਸ਼ਮੀਰ ਦੇ 14, ਦਿੱਲੀ ਦੇ 12, ਪੱਛਮੀ ਬੰਗਾਲ ਦੇ 7, ਮਹਾਰਾਸ਼ਟਰ ਦੇ ਪੰਜ, ਉੜੀਸਾ ਦੇ ਚਾਰ ਜਣੇ ਸ਼ਾਮਲ ਹਨ। ਇਸੇ ਤਰ੍ਹਾਂ ਝਾਰਖੰਡ, ਕਰਨਾਟਕ ਤੇ ਤਾਮਿਲਨਾਡੂ ਦੇ ਤਿੰਨ-ਤਿੰਨ, ਬਿਹਾਰ, ਕੇਰਲਾ ਤੇ ਤ੍ਰਿਪਰਾ ਦੇ ਦੋ-ਦੋ ਅਤੇ ਚੰਡੀਗੜ੍ਹ, ਗੋਆ ਅਤੇ ਮੱਧ ਪ੍ਰਦੇਸ਼ ਦਾ ਇੱਕ ਇੱਕ ਕਰਮਚਾਰੀ ਸ਼ਾਮਲ ਹੈ। ਭਰਤੀ ਕੀਤੇ ਇਨ੍ਹਾਂ ਕਰਮਚਾਰੀਆਂ ‘ਚੋਂ 9 ਜਣੇ ਨੌਕਰੀ ਛੱਡ ਵੀ ਚੁੱਕੇ ਹਨ।
ਪੰਜਾਬ ਕੈਬਨਿਟ ਨੇ ਦੂਸਰੇ ਸੂਬਿਆਂ ਲਈ ਰਾਹ ਮੋਕਲਾ ਕਰਨ ਵਾਸਤੇ ਪਹਿਲੀ ਅਕਤੂਬਰ 2013 ਅਤੇ 30 ਨਵੰਬਰ 2013 ਨੂੰ ਵਿਸ਼ੇਸ਼ ਛੋਟਾਂ ਵੀ ਦਿੱਤੀਆਂ ਸਨ। ਇਸ ਭਰਤੀ ਲਈ ਡੀਐਸਪੀ ਦੀਆਂ ਪੰਜ ਅਸਾਮੀਆਂ, ਇੰਸਪੈਕਟਰ ਰੈਂਕ ਦੀਆਂ 15 ਅਤੇ ਸਬ ਇੰਸਪੈਕਟਰ ਰੈਂਕ ਦੀਆਂ 50 ਅਸਾਮੀਆਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਦੇ ਘੇਰੇ ‘ਚੋਂ ਕੱਢਿਆ ਗਿਆ ਸੀ। ਇਸ ਸਿੱਧੀ ਭਰਤੀ ਲਈ ਪੀਪੀਆਰ ਦੀਆਂ ਪ੍ਰੋਵਿਜ਼ਨਾਂ ਵਿੱਚ ਛੋਟਾਂ ਦਿੱਤੀਆਂ ਗਈਆਂ ਸਨ। ਉੱਪਰਲੀ ਉਮਰ ਹੱਦ 42 ਸਾਲ ਕੀਤੀ ਗਈ. ਮੈਟ੍ਰਿਕ ਪੱਧਰ ‘ਤੇ ਪੰਜਾਬੀ ਵਿਸ਼ਾ (ਲਾਜ਼ਮੀ) ਪਾਸ ਕਰਨ ਤੋਂ ਵੀ ਛੋਟ ਦਿੱਤੀ ਗਈ।

ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਜਗਤਾਰ ਸਿੰਘ, ਰਾਜਦੀਪ ਸਿੰਘ ਆਡਲੂ, ਬਿੰਦਰਜੀਤ ਸਿੰਘ ਗਿੱਲ, ਬਲਵੰਤ ਸਿੰਘ ਜੰਟਾ, ਜਗਦੀ ਸਿੰਘ ਰਾਜੋਆਣਾ, ਜਸਵੀਰ ਸਿੰਘ ਟੂਸਾ, ਬਲਵੀਰ ਸਿੰਘ, ਜਗਤਾਰ ਸਿੰਘ ਭੈਣੀ ਬੜਿੰਗਾ, ਬਲਵੀਰ ਸਿੰਘ ਅੱਚਰਵਾਲ, ਸਮਰਜੀਤ ਸਿੰਘ ਬੋਪਾਰਾਏ, ਕੁਲਦੀਪ ਸਿੰਘ ਜੌਹਲਾਂ, ਕੁਲਦੀਪ ਸਿੰਘ ਬੁਰਜਲਿੱਟਾਂ, ਸੁਖਦੇਵ ਸਿੰਘ ਦੱਧਾਹੂਰ, ਸ਼ਿਵ ਸਿੰਘ ਲੀਲਾਂ, ਪਰਮਿੰਦਰ ਸਿੰਘ ਤੂੰਗਾਹੇੜੀ, ਦਵਿੰਦਰ ਮਾਨ, ਮਨਪ੍ਰੀਤ ਗਰੇਵਾਲ, ਜਸਕਰਨ ਸਿੰਘ ਬੁੱਟਰ, ਹਨੀ ਗਿੱਲ, ਸੋਹਣ ਸਿੰਘ ਤਾਜਪੁਰ, ਬਹਾਦਰ ਸਿੰਘ ਬੜੈਚ, ਸੁਖਦੇਵ ਸਿੰਘ ਬੜੈਚ, ਨੰਬਰਦਾਰ ਹਰਜਿੰਦਰ ਸਿੰਘ ਬੁਰਜ ਨਕਲੀਆਂ, ਨਰਿੰਦਰ ਕੁਮਾਰ ਡਾਬਰ, ਬਲਜਿੰਦਰ ਸਿੰਘ ਦੱਧਾਹੂਰ, ਸਤਨਾਮ ਸਿੰਘ ਸਿਵੀਆ, ਸਿਕੰਦਰ ਸਿੰਘ ਕਾਲਾ ਰਾਏਕੋਟ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …