ਗੰਨ ਪੁਆਇੰਟ ’ਤੇ ਗੱਡੀਆਂ ਖੋਹਣ ਵਾਲੇ ਹਾਈਵੇਅ ਰੋਬਰ ਗਰੋਹ ਦਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ, 4 ਜਿੰਦਾ ਕਾਰਤੂਸ ਅਤੇ 11 ਵਾਹਨ ਬਰਾਮਦ

ਜਾਅਲੀ ਦਸਤਾਵੇਜ਼ ਬਣਾਉਣ ਦਾ ਸਾਜੋ-ਸਮਾਨ ਵੀ ਕੀਤਾ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁਹਾਲੀ ਪੁਲੀਸ ਨੇ ਗੰਨ ਪੁਆਇੰਟ ’ਤੇ ਗੱਡੀਆਂ ਖੋਹਣ ਵਾਲੇ ਹਾਈਵੇਅ ਰੋਬਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਰਸ਼ਪਾਲ ਸਿੰਘ ਉਰਫ਼ ਲਾਲੀ ਵਾਸੀ ਪਿੰਡ ਮਨਿਆਲਾ ਜੈ ਸਿੰਘ (ਪੱਟੀ), ਲਵਪ੍ਰੀਤ ਸਿੰਘ ਉਰਫ਼ ਕੰਗ ਵਾਸੀ ਪਿੰਡ ਸੰਘਰ (ਖੰਡੂਰ ਸਾਹਿਬ) ਹਾਲ ਵਾਸੀ ਪਿੰਡ ਸੇਖਵਾਂ, ਮਨਦੀਪ ਸਿੰਘ ਉਰਫ਼ ਰਿੰਕੂ ਵਾਸੀ ਪਿੰਡ ਮਾੜੀ ਉਦੋਕੇ (ਤਰਨਤਾਰਨ) ਅਤੇ ਜਗਦੀਪ ਸਿੰਘ ਉਰਫ਼ ਜੱਗਾ ਵਾਸੀ ਭਾਈ ਮੰਝ ਰੋਡ, ਮਾਤਾ ਗੰਗਾ ਜੀ ਨਗਰ (ਅੰਮ੍ਰਿਤਸਰ) ਨੂੰ ਅਸਲਾ ਅਤੇ ਲੁੱਟ-ਖੋਹ ਦੇ ਵਾਹਨਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਅੇਸਐਸਪੀ ਵਿਵੇਕ ਸ਼ੀਲ ਸੋਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 13 ਅਪਰੈਲ ਨੂੰ ਸੋਹਾਣਾ ਖੇਤਰ ’ਚੋਂ ਅਣਪਛਾਤੇ ਵਿਅਕਤੀਆਂ ਨੇ ’ਤੇ ਆਈ-20 ਕਾਰ ਦੇ ਚਾਲਕ ਨੂੰ ਗੋਲੀ ਮਾਰ ਕੇ ਕਾਰ ਖੋਹ ਲਈ ਸੀ। ਇਸ ਸਬੰਧੀ ਸੋਹਾਣਾ ਥਾਣੇ ਵਿੱਚ 307,379ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਐਸਐਸਪੀ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ (ਡੀ) ਵਜੀਰ ਸਿੰਘ ਖਹਿਰਾ, ਡੀਐਸਪੀ (ਡੀ) ਕੁਲਜਿੰਦਰ ਸਿੰਘ, ਡੀਐਸਪੀ (ਐਚ) ਮਨਵੀਰ ਸਿੰਘ ਦੀ ਨਿਗਰਾਨੀ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਪੁਲੀਸ ਨੇ ਮੁਹਾਲੀ ਖੇਤਰ ਵਿੱਚ ਕਰੀਬ 500 ਕਿੱਲੋਮੀਟਰ ਘੇਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਮੇਤ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ, ਚੋਰੀ ਅਤੇ ਲੜਾਈ ਝਗੜੇ ਦੇ ਪਰਚੇ ਦਰਜ ਹਨ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦਾ ਇੱਕ ਪਿਸਤੌਲ, 4 ਜਿੰਦਾ ਰੋਂਦ, ਲੁੱਟ-ਖੋਹ ਕੀਤੀਆਂ 2 ਫਾਰਚੂਨਰ ਗੱਡੀਆਂ, ਇਕ ਆਈ-20 ਕਾਰ, 2 ਸਵਿਫ਼ਟ, ਇਕ ਕਰੂਜ, ਇਕ ਬਲੈਰੋ, ਇੱਕ ਵਾਕਸਵੈਗਨ, ਇਕ ਈਟੀਓਸ, ਇੱਕ ਬਰੀਜਾ, ਇਕ ਕਰੇਟਾ ਕਾਰ ਸਮੇਤ 11 ਵਾਹਨ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲਾ ਇੱਕ ਕੰਪਿਊਟ ਸੈੱਟ, 2 ਪ੍ਰਿੰਟਰ, 2 ਆਰਸੀ ਕੱਟਰ ਅਤੇ 50 ਆਰਸੀ ਸ਼ੀਟਾਂ ਵੀ ਸੀਲ ਕੀਤੀਆਂ ਗਈਆਂ ਹਨ। ਮੁਲਜ਼ਮ ਰਸ਼ਪਾਲ ਉਰਫ਼ ਲਾਲੀ ਖ਼ਿਲਾਫ਼ 19 ਸਤੰਬਰ 2021 ਨੂੰ ਧਾਰਾ 379,411,468,471 ਤਹਿਤ ਥਾਣਾ ਅਮਰਗੜ੍ਹ, ਲਵਪ੍ਰੀਤ ਉਰਫ਼ ਕੰਗ ਖ਼ਿਲਾਫ਼ ਤਰਨਤਾਰਨ ਥਾਣਾ ਸਿਟੀ ਵਿੱਚ ਮੋਟਰਸਾਈਕਲ ਚੋਰੀ ਅਤੇ ਲੜਾਈ ਝਗੜਾ ਦਾ ਪਰਚਾ, ਮਨਦੀਪ ਉਰਫ਼ ਰਿੰਕੂ ਖ਼ਿਲਾਫ਼ 26 ਫਰਵਰੀ 2007 ਨੂੰ ਧਾਰਾ 326,324,506,148,149 ਤਹਿਤ ਥਾਣਾ ਖਾਲੜਾ ਅਤੇ 30 ਜੁਲਾਈ 2020 ਨੂੰ ਧਾਰਾ 188, 270,269 ਤਹਿਤ ਥਾਣਾ ਖਾਲੜਾ ਵਿੱਚ ਕੇਸ ਦਰਜ ਕੀਤੇ ਗਏ ਸਨ।
ਥਾਣਾ ਸੋਹਾਣਾ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਕੋਲੋਂ ਅਸਲਾ ਅਤੇ ਲੁੱਟ-ਖੋਹ ਕੀਤੀ ਕਾਰ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਕੋਲੋਂ ਗਰੋਹ ਦੇ ਬਾਕੀ ਮੈਂਬਰਾਂ ਅਤੇ ਹੋਰ ਪੁੱਛਗਿੱਛ ਕਰਨੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …