ਹਿਮਾਚਲ ਚੋਣਾਂ: ਕਾਂਗਰਸ ਅਤੇ ਭਾਜਪਾ ਵਿਚਾਲੇ ਸਿਰਧੜ ਦੀ ਬਾਜੀ ਲੱਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਨਵੰਬਰ:
ਹਿਮਾਚਲ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਸ਼ਾਮ ਨੂੰ ਚੋਣ ਪ੍ਰਚਾਰ ਸਮਾਪਤ ਹੋ ਗਿਆ। ਹਿਮਾਚਲ ਚੋਣਾਂ ਜਿੱਤਣ ਲਈ ਕਾਂਗਰਸ ਅਤੇ ਭਾਜਪਾ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਹਿਮਾਚਲ ਚੋਣ ਪ੍ਰਚਾਰ ਦੀ ਕਮਾਨ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲੀ ਹੋਈ ਸੀ ਅਤੇ ਉਹਨਾਂ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਕਰੀਬ 5 ਵਾਰ ਹਿਮਾਚਲ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਹਿਮਾਚਲ ਵਿੱਚ ਡੇਰੇ ਲਾਏ ਹੋਏ ਹਨ। ਅਮਿਤ ਸ਼ਾਹ ਨੇ ਹੀ ਤੈਅ ਕੀਤਾ ਕਿ ਹਿਮਾਚਲ ਵਿੱਚ ਭਾਜਪਾ ਦਾ ਕਿਹੜਾ ਆਗੂ ਕਿੱਥੇ ਕਿੱਥੇ ਪ੍ਰਚਾਰ ਕਰੇਗਾ। ਇਹ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਾਰ ਵਾਰ ਇੱਕ ਛੋਟੇ ਜਿਹੇ ਸੂਬੇ ਵਿੱਚ ਗੇੜੇ ਤੇ ਗੇੜੇ ਮਾਰਨੇ ਪਏ ਹਨ। ਨੋਟ ਬੰਦੀ ਅਤੇ ਜੀਐਸਟੀ ਦੀ ਭਾਰੀ ਅਲੋਚਨਾ ਤੋਂ ਬਾਅਦ ਨਰਿੰਦਰ ਮੋਦੀ ਲਈ ਹਿਮਾਚਲ ਦੀ ਚੋਣ ਜਿੱਤਣਾ ਲਾਜ਼ਮੀ ਹੋ ਗਿਆ ਹੈ। ਕਿਉਂਕਿ ਇਨ੍ਹਾਂ ਚੋਣਾਂ ਦਾ ਸਿੱਧਾ ਅਸਰ ਲੋਕ ਸਭਾ ਚੋਣਾਂ ’ਤੇ ਵੀ ਪੈਣਾ ਸੁਭਾਵਿਕ ਹੈ। ਉਹ ਇਹਨਾਂ ਚੋਣਾਂ ਨੂੰ ਜਿੱਤ ਕੇ ਸਾਬਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦਾ ਜਾਦੂ ਅਜੇ ਵੀ ਕਾਇਮ ਹੈ। ਉਹ ਸਾਲ 2019 ਦੇ ਮਿਸ਼ਨ ਨੂੰ ਵੀ ਦੁਬਾਰਾ ਫਤਹਿ ਕਰਨ ਦ ਸੋਚ ਰਹੇ ਹਨ।
ਪਿਛਲੇ ਦਿਨੀਂ ਉੱਘੇ ਫਿਲਮ ਸਟਾਰ ਅਤੇ ਭਾਜਪਾ ਦੇ ਐਮ ਪੀ ਸ਼ਤਰੂਘਨ ਸਿਨਹਾ ਵੱਲੋਂ ਦੇਸ਼ ਵਿੱਚ ਇੱਕ ਵਿਅਕਤੀ ਦੀ ਸਰਕਾਰ (ਮੋਦੀ) ਅਤੇ ਦੋ ਬੰਦਿਆਂ ਦੀ ਪਾਰਟੀ (ਮੋਦੀ ਅਤੇ ਅਮਿਤ ਸ਼ਾਹ) ਕਹਿ ਕੇ ਵਾਰ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਇਹ ਚੋਣਾਂ ਜਿੱਤ ਕੇ ਭਾਜਪਾ ਵਿਚਲੇ ਵਿਰੋਧੀਆਂ ਨੂੰ ਵੀ ਸਬਕ ਸਿਖਾਉਣਾ ਚਾਹੁੰਦੇ ਹਨ।
ਉਧਰ, ਦੂਜੇ ਪਾਸੇ ਕਾਂਗਰਸ ਵੀ ਹਿਮਾਚਲ ਚੋਣਾਂ ਜਿੱਤ ਕੇ ਸਿਆਸੀ ਤੌਰ ’ਤੇ ਵਾਪਸੀ ਕਰਨਾ ਚਾਹੁੰਦੀ ਹੈ। ਭਾਵੇਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਹਿਮਾਚਲ ਵਿੱਚ ਕੁੱਝ ਰੈਲੀਆਂ ਕੀਤੀਆਂ ਹਨ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਚੋਣਾਂ ਦੀ ਵਾਗਡੋਰ ਦੋ ਰਾਜਿਆਂ ਵੀਰ ਭਦਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕੀਤੀ ਹੋਈ ਸੀ। ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਕੈਪਟਨ ਵਾਪਸ ਚੰਡੀਗੜ੍ਹ ਪਰਤ ਆਏ ਹਨ। ਕਾਂਗਰਸ ਹਾਈ ਕਮਾਡ ਨੇ ਪਾਰਟੀ ਕਾਡਰ ਵਿੱਚ ਤਾਲਮੇਲ ਬਣਾਈ ਰੱਖਣ ਅਤੇ ਰਣਨੀਤੀ ਘੜਣ ਲਈ ਸੁਸ਼ੀਲ ਕੁਮਾਰ ਸ਼ਿੰਦੇ, ਰਣਜੀਤਾ ਰੰਜਨ ਵਰਗੇ ਇੱਕ ਦਰਜਨ ਦੇ ਕਰੀਬ ਨੇਤਾ ਹਿਮਾਚਲ ਵਿੱਚ ਬਿਠਾਏ ਹੋਏ ਹਨ। ਪੰਜਾਬ ਦੀ ਸਮੁੱਚੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਹਿਮਾਚਲ ਵਿੱਚ ਡੇਰੇ ਜਮਾਏ ਹੋਏ ਹਨ।
ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਕੈਬਨਿਟ ਦੇ ਸੀਨੀਅਰ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਹੁਣੇ ਹੁਣੇ ਐਮ.ਪੀ. ਬਣੇ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਰੋ ਅਤੇ ਮਰੋ ਦੀ ਲੜਾਈ ਲੜ ਰਹੇ ਹਨ। ਅੱਜ ਸ਼ਾਮ ਤੱਕ ਕਾਂਗਰਸ ਨੇ ਪੂਰੀ ਤਾਕਤ ਝੋਕ ਕੇ ਚੋਣ ਪ੍ਰਚਾਰ ਕੀਤਾ। ਕਾਂਗਰਸ ਜੇਕਰ ਹਿਮਾਚਲ ਚੋਣਾਂ ਵਿੱਚ ਜਿੱਤ ਜਾਂਦੀ ਹੈ ਤਾਂ ਇਸ ਨਾਲ ਕਾਂਗਰਸੀਆਂ ਦਾ ਮਨੋਬਲ ਵਧੇਗਾ ਅਤੇ ਕਾਂਗਰਸ ਦੀ ਕੇਂਦਰ ਵਿੱਚ ਮੁੜ ਸਤਾ ਵਿੱਚ ਆਉਣ ਦੀਆਂ ਆਸ਼ਾ ਵੀ ਵਧ ਜਾਣਗੀਆਂ। ਦੋਵੇਂ ਹੀ ਧਿਰਾਂ ਭਾਜਪਾ ਅਤੇ ਕਾਂਗਰਸ ਦੀ ਸ਼ਾਖ ਦਾਅ ਤੇ ਹੈ ਕੌਣ ਜਿੱਤੇਗਾ ਇਹ ਪਤਾ ਤਾਂ 18 ਦਸੰਬਰ ਨੂੰ ਲੱਗੇਗਾ ਪਰ ਹਾਰਨ ਵਾਲੀ ਧਿਰ ਲਈ ਇਹ ਵੱਡਾ ਝਟਕਾ ਹੋਵੇਗਾ। ਗੁਜਰਾਤ ਅਤੇ ਹਿਮਾਚਲ ਦੇ ਨਤੀਜੇ 2019 ਦੀਆਂ ਲੋਕ ਸਭਾ ਚੋਣਾਂ ਲਈ ਅਹਿਮ ਭੂਮਿਕਾ ਨਿਭਾਉਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…