nabaz-e-punjab.com

ਹਿੰਦੂ ਆਗੂ ਗਗਨੇਜਾ ਕਤਲ ਕੇਸ ਦਿੱਲੀ ’ਚ ਤਬਦੀਲ ਕਰਨ ਦੇ ਮਾਮਲੇ ਸੁਣਵਾਈ 25 ਨਵੰਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਆਰਐਸਐਸ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ ਮਾਮਲੇ ਦੀ ਸੁਣਵਾਈ ਨਵੀਂ ਦਿੱਲੀ ਸਥਿਤ ਐਨਆਈਏ ਅਦਾਲਤ ਵਿੱਚ ਤਬਦੀਲ ਕਰਨ ਦੇ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਟਲ ਗਈ ਹੈ। ਅਦਾਲਤ ਨੇ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੁਪਰੀਮ ਕੋਰਟ ’ਚੋਂ ਕੇਸ ਤਬਦੀਲੀ ਦੀ ਪ੍ਰਵਾਨਗੀ ਲੈਣ ਲਈ ਆਖਿਆ ਹੈ। ਉਧਰ, ਐਨਆਈਏ ਨੇ ਫੁਰਤੀ ਦਿਖਾਉਂਦਿਆਂ ਗਗਨੇਜਾ ਕੇਸ ਦਿੱਲੀ ਵਿੱਚ ਸ਼ਿਫ਼ਟ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ। ਇਸੇ ਦੌਰਾਨ ਬਚਾਅ ਪੱਖ ਨੇ ਵੀ ਸੁਪਰੀਮ ਕੋਰਟ ਵਿੱਚ ਕੇਵਟ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਐਨਆਈਏ ਦੀ ਅਰਜ਼ੀ ’ਤੇ ਸੁਣਵਾਈ ਮੌਕੇ ਉਨ੍ਹਾਂ (ਬਚਾਅ ਪੱਖ) ਨੂੰ ਸੁਣਿਆ ਜਾਵੇ।
ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਰਵੀਪਾਲ, ਪਹਾੜ ਸਿੰਘ, ਮਲੂਕ, ਪਰਵੇਜ਼ ਅਤੇ ਅਨਿਲ ਕਾਲਾ ਖ਼ਿਲਾਫ਼ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਧਾਰਾ 302, 379, 419, 120ਬੀ, 34, ਅਸਲਾ ਐਕਟ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਰੇ ਮੁਲਜ਼ਮ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਅੱਜ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ ਗਈ ਹੈ।
ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਅਤੇ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਐਨਆਈਏ ਵੱਲੋਂ ਮੁਲਜ਼ਮਾਂ ਖ਼ਿਲਾਫ਼ ਪੇਸ਼ ਕੀਤੇ ਚਲਾਨ ਦੀਆਂ ਕਾਪੀਆਂ ਨਹੀਂ ਮਿਲੀਆਂ ਹਨ। ਇਹ ਦਸਤਾਵੇਜ਼ ਮਿਲਣ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਐਨਆਈਏ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮ ਸ਼ੇਰਾ ਅਤੇ ਬੱਗਾ ਨੂੰ ਹਿੰਦੂ ਆਗੂ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਦੋਂਕਿ ਜੱਗੀ ਜੌਹਲ ’ਤੇ ਵਿਦੇਸ਼ ਤੋਂ ਫਡਿੰਗ ਕਰਨ ਦਾ ਦੋਸ਼ ਹੈ। ਇੰਝ ਹੀ ਗੁਗਨੀ ’ਤੇ ਹਥਿਆਰ ਮੁਹੱਈਆ ਕਰਵਾਉਣ ਅਤੇ ਉਸ ਮੈਨੇਜਰ ਰਹੇ ਅਨਿਲ ਕਾਲਾ ’ਤੇ ਹਥਿਆਰ ਅੱਗੇ ਪੁੱਜਦੇ ਕਰਨ ਵਿੱਚ ਸਹਿਯੋਗ ਦੇਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਨਾਮਜ਼ਦ ਮਲੂਕ, ਪਰਵੇਜ਼ ਅਤੇ ਪਹਾੜ ਸਿੰਘ ਜੋ ਕਿ ਯੂਪੀ ਵਿੱਚ ਰਹਿੰਦੇ ਹਨ, ਇਨ੍ਹਾਂ ’ਤੇ ਹਥਿਆਰ ਬਣਾਉਣ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਦੋਂਕਿ ਮਨਪ੍ਰੀਤ ਸਿੰਘ, ਰਵੀਪਾਲ ਅਤੇ ਅਮਨਿੰਦਰ ਸਿੰਘ ਨੇ ਮੁਲਜ਼ਮਾਂ ਦੀ ਹਰ ਪੱਖੋਂ ਮਦਦ ਕੀਤੀ ਦੱਸੀ ਗਈ ਹੈ।
ਐਨਆਈਏ ਅਨੁਸਾਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ, ਹਰਦੀਪ ਸਿੰਘ ਉਰਫ਼ ਸ਼ੇਰਾ, ਰਮਨਦੀਪ ਸਿੰਘ ਉਰਫ਼ ਕੈਨੇਡੀਅਨ, ਧਰਮਿੰਦਰ ਸਿੰਘ ਉਰਫ਼ ਗੁਗਨੀ ਅਤੇ ਅਨਿਲ ਕੁਮਾਰ ਉਰਫ਼ ਕਾਲਾ ਦੇ ਖ਼ਿਲਾਫ਼ ਦੋਸ ਆਇਦ ਹੋ ਚੁੱਕੇ ਹਨ ਜਦੋਂਕਿ ਤਿੰਨ ਮੁਲਜ਼ਮਾਂ ਹਰਮੀਤ ਸਿੰਘ ਉਰਫ਼ ਹੈਪੀ ਦੇ ਪਾਕਿਸਤਾਨ, ਗੁਰਜਿੰਦਰ ਸਿੰਘ ਉਰਫ਼ ਸ਼ਾਸਤਰੀ ਦੇ ਇਟਲੀ ਅਤੇ ਗੁਰਸ਼ਰਨਬੀਰ ਸਿੰਘ ਉਰਫ਼ ਪਹਿਲਵਾਨ ਦੇ ਯੂਕੇ ਵਿੱਚ ਛੁਪੇ ਹੋਣ ਦਾ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਕੌਮੀ ਜਾਂਚ ਏਜੰਸੀ ਨੇ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਹਿੰਦੂ ਆਗੂ ਗਗਨੇਜਾ ਨੂੰ ਕਤਲ ਕਰਨ ਲਈ ਕੇਐਲਐਫ਼ ਸੰਗਠਨ ਵੱਲੋਂ ਸਾਜ਼ਿਸ਼ ਰਚੀ ਗਈ ਸੀ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…