Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਦਾ ਇਤਿਹਾਸਕ ਫੈਸਲਾ: 1970 ਤੋਂ ਲੈ ਕੇ ਹੁਣ ਤੱਕ ਸਰਟੀਫਿਕੇਟਾਂ ਵਿੱਚ ਹੋਵੇਗੀ ਜਨਮ ਮਿਤੀ ਤੇ ਮਾਪਿਆਂ ਦੇ ਨਾਂ ਦੀ ਸੋਧ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟਾਉਣ ਲਈ ਅਤੇ ਲੋਕ-ਪੱਖੀ ਫੈਸਲਿਆਂ ਦੀ ਕੜੀ ਵਿੱਚ ਵਾਧਾ ਕਰਦਿਆਂ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਇਸ ਫ਼ੈਸਲੇ ਅਧੀਨ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ 1970 ਤੋਂ ਲੈ ਕੇ ਹੁਣ ਤੱਕ ਬੋਰਡ ਵੱਲੋਂ ਵੱਖ-ਵੱਖ ਜਮਾਤਾਂ ਦੇ ਲਏ ਗਏ ਇਮਤਿਹਾਨਾਂ ਦੇ ਸਰਟੀਫੀਕੇਟਾਂ ਵਿੱਚ ਜਨਮ ਮਿਤੀ, ਮਾਤਾ-ਪਿਤਾ ਦੇ ਨਾਂਵਾਂ ਵਿੱਚ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਤੇ ਹਰ ਤਰ੍ਹਾਂ ਦੀਆਂ ਸੋਧਾਂ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਿੱਖਿਆ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ। ਸਿੱਖਿਆ ਬੋਰਡ ਦੇੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਹ ਸੋਧਾਂ ਨੀਯਤ ਸਮੇਂ ਦੌਰਾਨ ਹੀ ਕਰਵਾਈਆਂ ਜਾ ਸਕਦੀਆਂ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਚਿਰੋਕਣੀ ਮੰਗ ਅਨੁਸਾਰ ਅਤੇ ਲੋਕਾਂ ਦੀ ਖੱਜਲ-ਖੁਆਰੀ ਘੱਟ ਕਰਦਿਆਂ, ਇਹ ਪ੍ਰਕਿਰਿਆ ਪੂਰੀ ਕਰਨ ਲਈ ਹੁਣ ਬੋਰਡ ਨੇ ਆਪਣੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਹੀ ਉਪਰੋਕਤ ਸੋਧਾਂ ਲਈ ਅਪਲਾਈ ਕਰਨ ਦੀ ਸਹੂਲਤ ਦੇ ਦਿੱਤੀ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨਤੀਜਾ ਘੋਸ਼ਿਤ ਹੋਣ ਤੋਂ ਦੋ ਸਾਲ ਦੇ ਅੰਦਰ-ਅੰਦਰ ਕੀਤੀ ਜਾਣ ਵਾਲੀ ਸੋਧ ਸਬੰਧਤ ਪ੍ਰੀਖਿਆ ਸ਼ਾਖਾਵਾਂ ਵੱਲੋਂ ਸਕੂਲ ਅਧਾਰਿਤ ਰਿਕਾਰਡ ਦੇ ਰਾਹੀਂ ਕੀਤੀ ਜਾਵੇਗੀ ਅਤੇ ਸੋਧ ਉਪਰੰਤ ਸਰਟੀਫਿਕੇਟ ਸਬੰਧਿਤ ਸ਼ਾਖਾ ਵੱਲੋਂ ਜਾਰੀ ਕੀਤੇ ਜਾਣਗੇ । ਇਥੇ ਵਿਸ਼ੇਸ਼ ਤੌਰ ’ਤੇ ਦੱਸਿਆ ਜਾਂਦਾ ਹੈ ਕਿ ਪਹਿਲਾਂ ਬੋਰਡ ਦੇ ਪੁਰਾਣੇ ਨਿਯਮਾਂ ਅਧੀਨ ਪੰਜ ਸਾਲ ਤੋਂ ਵੱਧ ਸਮੇਂ ਦੀ ਸੋਧ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਸੀ ਪਰ ਹੁਣ ਬੋਰਡ ਦੇ ਨਵੇਂ ਫੈਸਲੇ ਮੁਤਾਬਕ ਲੋਕਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਕਰਕੇ ਬੋਰਡ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਸੁਧਾਰਾਂ ਨਾਲ ਸਾਰੀ ਕਾਰਵਾਈ ਨੂੰ ਬਹੁਤ ਸਰਲ ਕੀਤਾ ਗਿਆ। ਸਰਟੀਫਿਕੇਟ ਤਿਆਰ ਕਰਨ ਵਿੱਚ ਹੁਣ ਪਹਿਲਾਂ ਨਾਲੋਂ ਅੱਧਾ ਸਮਾਂ ਲੱਗਿਆ ਕਰੇਗਾ। ਵਿਦਿਆਰਥੀ ਨੂੰ ਫੀਸ ਦੀ ਰਸੀਦ ਦਾ ਨੰਬਰ, ਡਾਇਰੀ ਨੰਬਰ, ਕੇਸ ਦੀ ਸਥਿਤੀ ਅਤੇ ਬੋਰਡ ਵੱਲੋਂ ਸਰਟੀਫਿਕੇਟ ਭੇਜਣ ਦੀ ਮਿਤੀ, ਰਜਿਸਟਰੀ ਨੰਬਰ ਆਦਿ ਵੀ ਮੋਬਾਈਲ ’ਤੇ ਐਸਐਮਐਸ ਸੰਦੇਸ਼ ਰਾਹੀਂ ਭੇਜਿਆ ਜਾਵੇਗਾ। ਇਸ ਸੋਧ ਸਬੰਧੀ ਲੱਗਣ ਵਾਲੀ ਫੀਸ ਪ੍ਰੀਖਿਆਰਥੀ ਵੱਲੋਂ ਬੋਰਡ ਤੋਂ ਪਾਸ ਕੀਤੀ ਮੁੱਢਲੀ ਪ੍ਰੀਖਿਆ ਦੇ ਸਾਲ ਤੋਂ 500 ਰੁਪਏ ਪ੍ਰਤੀ ਸਾਲ ਦੇਰੀ ਲਈ ਮੁਆਫ਼ੀ ਦੀ ਫੀਸ ਤੋਂ ਇਲਾਵਾ, ਪ੍ਰਤੀ ਗਲਤੀ 1000 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਬੋਰਡ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਉਪਰੋਕਤ ਹਰ ਤਰ੍ਹਾਂ ਦੀਆਂ ਸੋਧਾਂ ਲਈ ਮੁੱਖ ਦਫ਼ਤਰ ਆਉਣ ਦੀ ਲੋੜ ਨਹੀਂ ਸਗੋਂ ਇਸ ਲਈ ਬੋਰਡ ਦੇ ਜ਼ਿਲ੍ਹਾ ਖੇਤਰੀ ਦਫ਼ਤਰ ਵਿੱਚ ਹੀ ਅਪਲਾਈ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ