Nabaz-e-punjab.com

ਲੋਕਾਂ ਦੀ ਸ਼ਰਧਾ ਦਾ ਕੇਂਦਰ ਹੈ: ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਇਤਿਹਾਸਕ ਪਿਛੋਕੜ ’ਤੇ ਇਕ ਝਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਮੁਹਾਲੀ: ਜਿਵੇਂ ਜਿਵੇਂ ਧਰਤੀ ’ਤੇ ਪਾਪ, ਅੱਤਿਆਚਾਰ ਅਤੇ ਕਿਸੇ ਦੇ ਧਰਮ ਦੀ ਹਾਨੀ ਲਈ ਜ਼ਾਲਮ ਪੈਦਾ ਹੋਏ, ਉਸੇ ਹੀ ਤਰ੍ਹਾਂ ਅਕਾਲੀ ਪੁਰਖ ਵਾਹਿਗੁਰੂ ਨੇ ਉਨ੍ਹਾਂ ਜ਼ਾਲਮਾਂ ਅਤੇ ਜ਼ੁਲਮਾਂ ਦਾ ਨਾਸ਼ ਕਰਨ ਲਈ ਸਮੇਂ ਸਮੇਂ ਸਿਰ ਸ਼੍ਰੀ ਨਰਸਿੰਘ, ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਕੁਲਜੁੱਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਲਦੇ ਪੰਥ ਬੁੱਢਾ ਦਲ ਦੇ 7ਵੇਂ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਇਸ ਧਰਤੀ ਤੇ ਭੇਜਿਆ। ਜਿਨ੍ਹਾਂ ਜ਼ਾਲਮਾਂ ਤੇ ਜ਼ੁਲਮਾਂ ਦਾ ਨਾਸ਼ ਕਰਕੇ ਮੁਹਾਲੀ ਦੀ ਜੂਹ ਵਿਚ ਵਸਦੇ ਪਿੰਡ ਸੋਹਾਣਾ ਵਿਖੇ ਸ਼ਹੀਦੀ ਪ੍ਰਾਪਤ ਕੀਤੀ। ਜਿੱਥੇ ਅੱਜ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਥਾਪਿਤ ਹੈ ਅਤੇ ਇੱਥੇ ਦੇਸ਼ ਵਿਦੇਸ਼ਾਂ ’ਚੋਂ ਸਾਰੇ ਧਰਮਾਂ ਦੇ ਲੋਕ ਨਮਨ ਕਰਨ ਆਉਂਦੇ ਹਨ। ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਸਿੱਖਾਂ ਦੀ ਸਰਬ ਉਚ ਸੰਸਥਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਕੌਮ ਦੀ ਸੇਵਾ ਕਰਨ ਦਾ ਮਾਣ ਵੀ ਹਾਸਲ ਹੈ।
ਆਪ ਜੀ ਦਾ ਜਨਮ ਪਿਤਾ ਗਰਜਾ ਸਿੰਘ ਜੀ ਬਾਠ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ 18 ਮੱਘਰ 1755 ਨੂੰ ਨਰੰਗਪੁਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਜੀ ਨੇ 10 ਸਾਲ ਬੁੱਢਾ ਦਲ ਦੇ ਜਥੇਦਾਰ ਰਹਿਣ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਕੌਮ ਦੀ ਸੇਵਾ ਕੀਤੀ ਗਈ ਹੈ, 1845 ਈ: ਨੂੰ ਜਿਸ ਵਕਤ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰ ਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ। ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇ ਇੱਕ ਚਿੱਠੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ (ਬੁੱਢਾ ਦਲ) ਦੇ ਨਾਮ ਲਿਖ ਕੇ ਪੰਥ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ) ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੀ, ਜਿਸ ਵਿੱਚ ਸਿੱਖ ਰਾਜ ਦੇ ਗਦਾਰਾਂ ਦੀ ਸਾਜਿਸ਼ ਪਰਦਾਫਾਸ਼ ਕੀਤਾ ਗਿਆ ਸੀ ਅਤੇ ਸਿੱਖ ਰਾਜ ਨੂੰ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਮੱਦਦ ਲਈ ਬੇਨਤੀ ਕੀਤੀ ਗਈ ਸੀ, ਬਾਬਾ ਜੀ ਨੇ ਗੁਰੂ ਕੀ ਅਕਾਲੀ ਫੌਜ ਸਮੇਤ ਜੰਗ ਦੇ ਮੈਦਾਨ ਮੁਦਕੀ ਫੇਰੂ ਸ਼ਹਿਰ ਨੂੰ ਜਾਣ ਵਾਸਤੇ ਨਗਾਰੇ ’ਤੇ ਜੰਗੀ ਚੋਬ੍ਹਾਂ ਲਵਾ ਦਿੱਤੀਆਂ ਅਤੇ ਫੌਜ ਨੂੰ ਕੂਚ ਕਰਨ ਦਾ ਹੁਕਮ ਕਰ ਦਿੱਤਾ।
ਮੁਦਕੀ (ਫੇਰੂ ਸ਼ਹਿਰ) ਪਹੁੰਚ ਕੇ ਸਿੰਘਾਂ ਅਤੇ ਅੰਗਰੇਜ਼ਾਂ ਵਿਚ ਘਮਾਸਾਨ ਯੁੱਧ ਹੋਇਆ ਜਿਸ ਵਿੱਚ ਅੰਗਰੇਜ਼ਾਂ ਦੇ ਦਸ ਹਜ਼ਾਰ ਤੋਂ ਵਧੇਰੇ ਫੌਜ ਨੂੰ ਮੌਤ ਦੇ ਘਾਟ ਉਤਾਰਦਿਆਂ ਸਿੰਘਾਂ ਨੇ ਨੇ ਮੰੂਹ ਤੋੜਵਾਂ ਜਵਾਬ ਦਿੱਤਾ ਤੇ ਅੰਗਰੇਜ਼ਾਂ ਨੂੰ ਮੈਦਾਨੇ ਜੰਗ ਵਿੱਚੋਂ ਭਾਜੜਾਂ ਪੁਆ ਦਿੱਤੀਆਂ। ਬੁੱਢਾ ਦਲ ਪਟਿਆਲੇ ਨਿਹੰਗ ਸਿੰਘਾਂ ਦੇ ਟੋਭੇ ’ਤੇ ਪਹੁੰਚ ਗਿਆ, ਅੰਗਰੇਜ਼ਾਂ ਦਾ ਇਕ ਝੋਲੀ ਚੁੱਕ ਕਰਮ ਸਿੰਘ ਜੋ ਕਿ ਕਰਮ ਅਲੀ (ਭਾਵ ਸਿੱਖੀ ਕਿਰਦਾਰ ਤੋਂ ਡਿੱਗ ਚੁੱਕਿਆ ਸੀ) ਅੰਗਰੇਜ਼ਾਂ ਨਾਲ ਰਲ ਗਿਆ। ਉਸ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੰਘਾਂ ’ਤੇ ਤੋਪਾਂ ਨਾਲ ਹਮਲਾ ਕਰਵਾ ਦਿੱਤਾ, ਜਿਸ ਵਿੱਚ 15 ਹਜ਼ਾਰ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਗੀਠਾ ਸਾਹਿਬ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੋਹੜ ਦੇ ਹੇਠਾਂ ਜੋਤ ਵਾਲੀ ਥਾਂ ’ਤੇ ਹੈ ਜੀ।
ਅਖੀਰ ਸਿੰਘਾਂ ਨੇ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਅਗਵਾਈ ਵਿੱਚ ਲੜਦਿਆਂ ਲੜਦਿਆਂ ਘੜਾਮ ਵੱਲ ਚਾਲੇ ਪਾ ਦਿੱਤੇ। ਘੜਾਮ ਪੁੱਜ ਕੇ ਬਾਬਾ ਜੀ ਤੋਪਾਂ ਦਾ ਗੋਲਾ ਲੱਗਣ ਕਾਰਨ ਸਖ਼ਤ ਜ਼ਖ਼ਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਰਾਜਪੁਰਾ ਤੋਂ ਹੁੰਦੇ ਹੋਏ ਮੁਹਾਲੀ ਨੇੜਲੇ ਪਿੰਡ ਸੋਹਾਣਾ ਸਥਿਤ ਇਸ ਅਸਥਾਨ ’ਤੇ ਅੰਤ 500 ਤੋਂ ਵੱਧ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿੱਚ ਸ਼ਹੀਦੀ ਜਾਮ ਪੀ ਗਏ।
ਇੱਥੇ ਬਾਬਾ ਜੀ ਦੀ ਯਾਦ ਨੂੰ ਸਦੀਵੀ ਰੱਖਣ ਲਈ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਸਿੱਖ ਸੰਗਤ ਵੱਲੋਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਬੇਨਤੀ ਕੀਤੀ ਗਈ ਅਤੇ ਬਾਬਾ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਲਈ ਪ੍ਰਵਾਨਗੀ ਦੇ ਦਿੱਤੀ, ਇਸ ਤੋਂ ਬਾਅਦ 18 ਫਰਵਰੀ 2005 ਨੂੰ ਬਾਬਾ ਜੀ ਵੱਲੋਂ ਨਵੀਂ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਜਿੱਥੇ ਅੱਜ ਜੰਗੀ ਪੱਧਰ ’ਤੇ ਕਾਰ ਸੇਵਾ ਚੱਲ ਰਹੀ ਹੈ।

Load More Related Articles
Load More By Nabaz-e-Punjab
Load More In Relegious

Check Also

ਪਟਿਆਲਾ ਹਿੰਸਾ: ਪੰਜਾਬ ਦੀ ‘ਆਪ’ ਸਰਕਾਰ ਦਾ ਵੱਡਾ ਐਕਸ਼ਨ

ਪਟਿਆਲਾ ਹਿੰਸਾ: ਪੰਜਾਬ ਦੀ ‘ਆਪ’ ਸਰਕਾਰ ਦਾ ਵੱਡਾ ਐਕਸ਼ਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਪਟਿਆਲਾ, 30 ਅਪਰੈ…