ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿਰੁੱਧ ਸਿੱਖਿਆ ਬੋਰਡ ਦੇ ਬਾਹਰ ਧਰਨਾ ਤੀਜੇ ਦਿਨ ’ਚ ਦਾਖ਼ਲ

ਪੰਜਾਬ ਸਰਕਾਰ, ਸਿੱਖਿਆ ਬੋਰਡ ਤੇ ਪੁਲੀਸ ਨੂੰ ਅਨੇਕਾਂ ਸ਼ਿਕਾਇਤਾਂ ਦਿੱਤੀਆਂ ਨਹੀਂ ਹੋਈ ਕਾਰਵਾਈ: ਸਿਰਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਵਿਵਾਦਿਤ ਹਿਸਟਰੀ ਦੀ ਕਿਤਾਬ ਪੜਾਉਣ ਦਾ ਮਾਮਲਾ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਸਮੇਤ ਹੋਰਨਾਂ ਸਮਾਜ ਸੇਵੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਜਥੇਦਾਰ ਸਿਰਸਾ ਨੇ ਕਿਹਾ ਕਿ ਉਕਤ ਕਿਤਾਬ ਵਿੱਚ ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਿਤਾਬ ਧੜੱਲੇ ਨਾਲ ਮਾਰਕੀਟ ਵਿੱਚ ਵਿੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਿਤਾਬ ਪ੍ਰਵਾਨਿਤ ਨਹੀਂ ਹੈ ਤਾਂ ਪਬਲਿਸ਼ਰ ਵਿਰੁੱਧ ਅਪਰਾਧਿਕ ਪਰਚਾ ਦਰਜ ਕੀਤਾ ਜਾਵੇ।
ਸ੍ਰੀ ਸਿਰਸਾ ਨੇ ਦੱਸਿਆ ਕਿ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੇ ਕਿਸੇ ਵੀ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ, ਨਾ ਹੀ ਕੋਈ ਨਵੀਂ ਸੰਸਥਾ ਚਲਾਈ, ਨਾ ਹੀ ਕਿਸੇ ਵੱਖਰੇ ਧਰਮ ਦੀ ਸਥਾਪਨਾ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੇ ਅਤੇ ਹਿੰਦੂ ਮੱਤ ਦੇ ਵਿਚਾਰਾਂ ਵਿੱਚ ਕੋਈ ਅੰਤਰ ਹੈ। ਲੇਖਕ ਵੱਲੋਂ ਸਿੱਟਾ ਕੱਢਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਦੇ ਹੀ ਪ੍ਰਚਾਰਕ ਸਨ।
ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬ ਵਿੱਚ ਗੁਰੂ ਤੇਗ਼ ਬਹਾਦਰ ਬਾਰੇ ਪੰਨਾ ਨੰਬਰ 113 ਉੱਤੇ ਲਿਖਿਆ ਹੈ ਕਿ ਹਿੰਦ ਦੀ ਚਾਦਰ ਨੂੰ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਨਹੀਂ ਸੀ ਕੀਤਾ ਗਿਆ ਸਗੋਂ ਉਹ ਇਕ ਰਾਜਸੀ ਵਿਦਰੋਹੀ ਸਨ। ਇੰਜ ਹੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਬਹੁਤ ਘਟੀਆ ਦਰਜੇ ਦੀ ਸ਼ਬਦਾਵਲੀ ਵਰਤੀ ਗਈ ਹੈ। ਬੰਦਾ ਸਿੰਘ ਬਹਾਦਰ ਨੂੰ ਮਜ਼ਲੂਮਾਂ ਦਾ ਖੂਨ ਚੂਸਣ ਵਾਲਾ, ਅੌਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇਕ ਰਾਖ਼ਸ਼ਿਸ਼ ਦੱਸਿਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਸਿੱਖਿਆ ਬੋਰਡ, ਪੰਜਾਬ ਸਰਕਾਰ ਅਤੇ ਪੁਲੀਸ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਹੁਣ ਤੱਕ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਹੋਈ।
ਇਸ ਮੌਕੇ ਬਾਬਾ ਲਾਭ ਸਿੰਘ ਮਟਕਾ ਚੌਂਕ ਵਾਲੇ, ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ (ਅੰਮ੍ਰਿਤਸਰ), ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ, ਰਵਿੰਦਰ ਸਿੰਘ ਰੂਪਨਗਰ, ਗੁਰਨਾਮ ਸਿੰਘ, ਜਤਿੰਦਰ ਸਿੰਘ ਮੁਹਾਲੀ, ਰਾਜਨ ਬੈਂਸ, ਕਿਸਾਨ ਮਜਦੂਰ ਸੰਘਰਸ ਕਮੇਟੀ ਦੇ ਨੁਮਾਇੰਦੇ ਸਤਿਬੀਰ ਸਿੰਘ, ਗੁਰਮੀਤ ਕੌਰ ਖੈੜਾ, ਮਨਜੀਤ ਕੌਰ ਮੁਹਾਲੀ, ਪੂਰਨ ਸਿੰਘ ਗੁਰਦਾਸਪੁਰ, ਯਾਦਵਿੰਦਰ ਸਿੰਘ ਕੁੰਭੜਾ, ਗੁਰਪ੍ਰੀਤ ਸਿੰਘ ਬੱਤੀ ਸਿੰਘਾ, ਰਜਿੰਦਰ ਸਿੰਘ ਬਾਲੀ, ਮੇਵਾ ਸਿੰਘ ਨੰਬਰਦਾਰ, ਸੁਖਚੈਨ ਸਿੰਘ ਚਿੱਲਾ, ਜਸਪਾਲ ਸਿੰਘ ਲਾਂਡਰਾਂ, ਜਸਵੰਤ ਸਿੰਘ ਮਾਣਕ ਮਾਜਰਾ ਕਿਸਾਨ ਯੂਨੀਅਨ (ਚੜੂਨੀ), ਗੁਰ ਸਾਹਿਬ ਸਿੰਘ ਫਿਰੋਜ਼ਪੁਰ, ਪਰਮਜੀਤ ਸਿੰਘ, ਗੁਰਮੁੱਖ ਸਿੰਘ ਤੇ ਦਵਿੰਦਰ ਸਿੰਘ ਰਾਏਪੁਰ ਵੀ ਹਾਜ਼ਰ ਸਨ। ਪਿੰਡ ਚਿੱਲਾ ਦੀ ਸੰਗਤ ਨੇ ਲੰਗਰ ਦੀ ਸੇਵਾ ਸੰਭਾਲੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …