Nabaz-e-punjab.com

‘ਇਤਿਹਾਸ’ ਨੇ ਬਦਲਿਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ‘ਵਰਤਮਾਨ’

ਗੋਲਡਨ ਜੁਬਲੀ ਵਰ੍ਹੇ ਦੌਰਾਨ ਬੋਰਡ ਦੀ ਨੀਤੀ ਵਿੱਚ ਤਬਦੀਲੀ ਸੂਬੇ ਦੇ ਪਾੜ੍ਹਿਆਂ ਲਈ ਲਾਹੇਵੰਦ ਸਾਬਤ ਹੋਵੇਗੀ: ਕਲੋਹੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਪੰਜਾਬ ਸਕੂਲ ਸਿੱਖਿਆ ਦੇ ਖੇਤਰ ਵਿੱਚ ਇਸ ਅਕਾਦਮਿਕ ਸਾਲ ਦੌਰਾਨ ਸੀਨੀਅਰ ਸੈਕੰਡਰੀ ਕਲਾਸਾਂ ਲਈ ਤਿਆਰ ਕੀਤੀ ਗਈ ਇਤਿਹਾਸ ਦੀ ਪਾਠ ਪੁਸਤਕ ਸਬੰਧੀ ਉੱਤੇ ਸਿਆਸੀ ਵਿਵਾਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਰਜਸ਼ੈਲੀ ਵਿੱਚ ਵੱਡੀ ਤਬਦੀਲੀ ਆਉਂਦੀ ਹੈ। ਇਸ ਤਬਦੀਲੀ ਦੇ ਤਹਿਤ ਬੋਰਡ ਦੀ ਅਕਾਦਮਿਕ ਸ਼ਾਖਾ ਨੇ ਨਾ ਸਿਰਫ਼ ਇਤਿਹਾਸ ਦੇ ਸੀਨੀਅਰ ਸੈਕੰਡਰੀ ਪੱਧਰੀ ਪ੍ਰਸ਼ਨ ਬੈਂਕ, ਮਾਡਲ ਟੈਸਟ ਪੇਪਰ ਤੇ ਪ੍ਰਸ਼ਨ ਪੱਤਰ ਦੀ ਬਣਤਰ ਬੋਰਡ ਦੀ ਸਾਈਟ ਉੱਤੇ ਅਪਲੋਡ ਕੀਤੀ ਹੈ ਸਗੋਂ ਹੋਰ ਵੀ ਕਈ ਵਿਸ਼ਿਆਂ ਅਤੇ ਦਸਵੀਂ ਕਲਾਸ ਦੇ ਪੱਧਰ ਦੇ ਨਮੂਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਵੈਬਸਾਈਟ ’ਤੇ ਪਾ ਦਿੱਤੇ ਹਨ।
ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕੋਲਹੀਆ ਨੇ ਕਿਹਾ ਕਿ ਬੋਰਡ ਨਵੇਂ ਰਾਹਾਂ ਉੱਤੇ ਆਪਣੇ ਨਿੱਗਰ ਕਦਮ ਹਮੇਸ਼ਾ ਜਾਰੀ ਰੱਖੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਪਿਛਲੇ ਅਕਾਦਮਿਕ ਸਾਲ ਤੱਕ ਸਿਰਫ਼ ਪ੍ਰਸ਼ਨ ਪੱਤਰ ਦੀ ਬਣਤਰ ਹੀ ਬੋਰਡ ਦੀ ਵੈਬਸਾਈਟ ਉੱਤੇ ਦਿਖਾਈ ਜਾਂਦੀ ਸੀ ਪ੍ਰੰਤੂ ਇਤਿਹਾਸ ਦੀਆਂ ਪਾਠ-ਪੁਸਤਕਾਂ ਸਬੰਧੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੀ ਲੋੜ ਨੂੰ ਜ਼ਰੂਰੀ ਸਮਝਦੇ ਹੋਏ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਨੂੰ ਮੁੱਢਲੀ ਜਾਣਕਾਰੀ ਦੇਣਾ ਹੋਰ ਲਾਹੇਵੰਦ ਬਣਾਉਣ ਵੱਲ ਵੀ ਦਫ਼ਤਰੀ ਅਧਿਕਾਰੀਆਂ ਦਾ ਧਿਆਨ ਖਿੱਚਿਆ ਹੈ ਅਤੇ ਬੋਰਡ ਨੇ ਆਪਣੀ ਨੀਤੀ ਨੂੰ ਵਿਦਿਆਰਥੀ-ਮੁਖੀ ਬਣਾਉਂਦਿਆਂ ਬਾਰ੍ਹਵੀਂ ਦੇ ਨਾਲ-ਨਾਲ ਦਸਵੀਂ ਕਲਾਸ ਅਤੇ ਇਤਿਹਾਸ ਦੇ ਨਾਲ-ਨਾਲ ਹੋਰ ਵਿਸ਼ਿਆਂ ਦੇ ਮਾਡਲ ਟੈਸਟ ਪੇਪਰ ਅਤੇ ਪ੍ਰਸ਼ਨ ਬੈਂਕ ਦੀ ਆਪਣੀ ਸਾਈਟ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਬੋਰਡ ਇਸ ਸਾਲ ਆਪਣਾ ਗੋਲਡਨ ਜੁਬਲੀ ਵਰ੍ਹਾ ਮਨਾ ਰਿਹਾ ਹੈ ਅਤੇ ਇਸ ਵਰ੍ਹੇ ਦੌਰਾਨ ਨੀਤੀ ਵਿੱਚ ਤਬਦੀਲੀ ਸੂਬੇ ਦੇ ਪਾੜ੍ਹਿਆਂ ਲਈ ਬਹੁਤ ਸਹਾਈ ਸਿੱਧ ਹੋ ਸਕਦੀ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਦਾ ਪਹਿਲਾਂ ਅਜਿਹਾ ਬੋਰਡ ਹੈ, ਜਿਸ ਨੇ ਸਰੀਰਕ ਤੇ ਮਾਨਸਿਕ ਪੱਖੋਂ ਅਲਾਮਤਾਂ ਨਾਲ ਲੜ ਰਹੇ ਵਿਦਿਆਰਥੀਆਂ ਲਈ ਵੱਖਰੇ ਪ੍ਰਸ਼ਨ ਪੱਤਰ ਅਤੇ ਹੱਲ ਕਰਨ ਦਾ ਵੱਧ ਸਮਾਂ ਦੇਣ ਦਾ ਨਿਯਮ ਲਾਗੂ ਕੀਤਾ ਹੈ। ਇਹੀ ਨਹੀਂ ਵਿਸ਼ੇਸ਼ ਲੋੜਾਂ ਜਾਂ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਵੀ ਵੱਖਰੇ ਪ੍ਰਸ਼ਨ ਪੱਤਰਾਂ ਦੇ ਨਮੂਨੇ ਅਤੇ ਪ੍ਰਸ਼ਨ ਬੈਂਕ ਵੀ ਬੋਰਡ ਦੀ ਵੈਬਸਾਈਟ ਉੱਤੇ ਉਪਲਬਧ ਕਰਵਾਏ ਗਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਹੱਲ ਕਰਨ ਲਈ ਆਮ ਵਿਦਿਆਰਥੀਆਂ ਨਾਲੋਂ ਵੱਧ ਸਮਾਂ ਦਿੱਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…