ਹਿੱਟ ਐਂਡ ਰਨ ਮੁਆਵਜ਼ਾ: ਏਡੀਸੀ ਨੇ ਪੀੜਤਾਂ ਨੂੰ ਮੁਆਵਜ਼ੇ ਲਈ ਆਏ ਕੇਸਾਂ ਬਾਰੇ ਕੀਤੀ ਚਰਚਾ

ਸੜਕ ਹਾਦਸੇ ਵਿੱਚ ਮੌਤ ਹੋਣ ’ਤੇ ਦੋ ਲੱਖ ਤੇ ਜ਼ਖ਼ਮੀਆਂ ਨੂੰ ਮਿਲੇਗਾ 50 ਹਜ਼ਾਰ ਦਾ ਮੁਆਵਜ਼ਾ

ਸਮੂਹ ਐਸਡੀਐਮਜ਼ ਨੂੰ ਸਾਰੇ ਕੇਸ ਮੁਕੰਮਲ ਕਰਕੇ ਜ਼ਿਲ੍ਹਾ ਕਮੇਟੀ ਅੱਗੇ ਕੇਸ ਰੱਖਣ ਦੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ:
ਹਿੱਟ ਐਂਡ ਰਨ ਮਾਮਲਿਆਂ ਦੇ ਮੁਆਵਜ਼ੇ ਬਾਰੇ ਜ਼ਿਲ੍ਹਾ ਕਮੇਟੀ ਨੇ ਅੱਜ ਸਮੂਹ ਉਪ ਮੰਡਲ ਮੈਜਿਸਟਰੇਟਾਂ (ਐਸਡੀਐਮਜ਼) ਵੱਲੋਂ ਪੇਸ਼ ਕੀਤੇ ਕੇਸਾਂ ਬਾਰੇ ਵਿਚਾਰ-ਚਰਚਾ ਕੀਤੀ। ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਐਸਡੀਐਮਜ਼ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਤਾਂ ਜੋ ਇਸ ਸਬੰਧੀ ਠੋਸ ਫ਼ੈਸਲਾ ਲਿਆ ਜਾ ਸਕੇ। ਸੜਕ ਹਾਦਸੇ ਵਿੱਚ ਮੌਤ ਹੋਣ ’ਤੇ ਦੋ ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।
ਏਡੀਸੀ ਤਿੜਕੇ ਨੇ ਦੱਸਿਆ ਕਿ ਹਿੱਟ ਐਂਡ ਰਨ ਕੇਸਾਂ ਵਿੱਚ ਮੁਆਵਜ਼ਾ ਲੈਣ ਲਈ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਜਿਸ ਖੇਤਰ ਵਿੱਚ ਹਾਦਸਾ ਹੋਇਆ ਹੈ, ਉਸ ਖੇਤਰ ਦੇ ਐਸਡੀਐਮ-ਕਮ-ਕਲੇਮ ਜਾਂਚ ਅਧਿਕਾਰੀ ਕੋਲ ਅਰਜ਼ੀ ਦੇਣੀ ਹੋਵੇਗੀ। ਸਬੰਧਤ ਐਸਡੀਐਮ ਇਸ ਕੇਸ ਦੀ ਜਾਂਚ ਕਰੇਗਾ ਅਤੇ ਡਿਪਟੀ ਕਮਿਸ਼ਨਰ-ਕਮ-ਕਲੇਮ ਸੈਟਲਮੈਂਟ ਨਿਪਟਾਰਾ ਕਮਿਸ਼ਨਰ ਦੀ ਅਗਵਾਈ ਵਾਲੀ ਜ਼ਿਲ੍ਹਾ ਕਮੇਟੀ ਨੂੰ ਕੇਸ ਦੀ ਸਿਫ਼ਾਰਸ਼ ਕਰੇਗਾ। ਕਮੇਟੀ ਅੱਗੇ ਸਬੰਧਤ ਕੇਸ ਨੂੰ ਨਿਰਧਾਰਿਤ ਬੀਮਾ ਕੰਪਨੀ ਦੇ ਨੋਡਲ ਅਫ਼ਸਰ ਕੋਲ ਭੇਜੇਗੀ।
ਉਨ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜ਼ ਜੋ ਫਾਰਮ 1 ਨਾਲ ਨੱਥੀ ਕਰਨੇ ਲਾਜ਼ਮੀ ਹਨ ਵਿੱਚ ਪੂਰੇ ਬੈਂਕ ਵੇਰਵਿਆਂ ਦੇ ਨਾਲ ਦਾਅਵੇਦਾਰ ਦੀ ਪਾਸ-ਬੁੱਕ ਦੀ ਕਾਪੀ, ਪੀੜਤ ਦਾ ਇਲਾਜ, ਹਸਪਤਾਲ ਦੇ ਨਗਦ ਰਹਿਤ ਇਲਾਜ ਦੇ ਬਿੱਲ ਦੀ ਕਾਪੀ, ਪੀੜਤ ਦਾ ਪਛਾਣ ਪੱਤਰ ਅਤੇ ਐਡਰੈੱਸ ਦਾ ਸਬੂਤ, ਦਾਅਵੇਦਾਰ ਦਾ ਪਛਾਣ ਪੱਤਰ ਅਤੇ ਐਡਰੈੱਸ ਦੇ ਸਬੂਤ ਦੀ ਕਾਪੀ, ਐੱਫ਼ਆਈਆਰ ਦੀ ਕਾਪੀ, ਪੋਸਟਮਾਰਟਮ ਰਿਪੋਰਟ (ਮੌਤ ਹੋਣ ਦੀ ਸੂਰਤ ਵਿੱਚ) ਜਾਂ ਗੰਭੀਰ ਸੱਟ ਦੀ ਰਿਪੋਰਟ ਨੱਥੀ ਕੀਤੀ ਜਾਵੇ।
ਏਡੀਸੀ ਨੇ ਕਿਹਾ ਕਿ ਹਿੱਟ ਐਂਡ ਰਨ ਕੇਸਾਂ ਵਿੱਚ 1 ਅਪਰੈਲ 2022 ਨੂੰ ਜਾਂ ਇਸ ਤੋਂ ਬਾਅਦ ਵਾਪਰਨ ਵਾਲੇ ਹਾਦਸਿਆਂ ਲਈ ਮੁਆਵਜ਼ੇ ਦੀ ਦਰ, ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਅਤੇ ਗੰਭੀਰ ਸੱਟ ਲੱਗਣ ਦੀ ਸਥਿਤੀ ਵਿੱਚ 50,000 ਰੁਪਏ ਹੈ। 31 ਮਾਰਚ 2022 ਜਾਂ ਇਸ ਤੋਂ ਪਹਿਲਾਂ ਹਿੱਟ ਐਂਡ ਰਨ ਦੁਰਘਟਨਾ ਦੇ ਪੀੜਤਾਂ ਨੂੰ ਭੁਗਤਾਨ ਯੋਗ ਮੁਆਵਜ਼ਾ ਪੁਰਾਣੀ ਸਲੇਸ਼ੀਆਮ ਫੰਡ ਸਕੀਮ, 1989 ਦੇ ਅਨੁਸਾਰ ਹੋਵੇਗਾ ਜੋ ਮੌਤ ਦੀ ਸਥਿਤੀ ਵਿੱਚ 25,000 ਅਤੇ ਗੰਭੀਰ ਸੱਟ ਲੱਗਣ ਦੀ ਸਥਿਤੀ ਵਿੱਚ 12,500 ਰੁਪਏ ਹੈ।
ਮੀਟਿੰਗ ਵਿੱਚ ਐਸਡੀਐਮ ਦਮਨਦੀਪ ਕੌਰ, ਐਸਡੀਐਮ ਖਰੜ ਗੁਰਮੰਦਰ ਸਿੰਘ ਅਤੇ ਐਸਡੀਐਮ ਡੇਰਾਬੱਸੀ ਅਮਿਤ ਗੁਪਤਾ ਸਮੇਤ ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ, ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਅਤੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ…