Nabaz-e-punjab.com

ਕਰੋਨਾਵਾਇਰਸ ਦੀ ਦਹਿਸ਼ਤ ਕਾਰਨ ਹੋਲੀ ਦਾ ਰੰਗ ਫਿੱਕਾ ਪਿਆ

ਮੁਹਾਲੀ ਦੇ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਸਨਾਟਾ ਛਾਇਆ

ਗੁਲਾਲ, ਗੁਬਾਰੇ ਤੇ ਪਿਚਕਾਰੀਆਂ ਵੇਚਣ ਵਾਲੇ ਛੋਟੇ ਦੁਕਾਨਦਾਰ ਬੇਹੱਦ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਚੀਨ ਸਮੇਤ ਹੋਰਨਾਂ ਵਿਦੇਸ਼ੀ ਮੁਲਕਾਂ ਵਿੱਚ ਕਰੋਨਾਵਾਇਰਸ ਫੈਲਣ ਕਾਰਨ ਰੰਗਾਂ ਦਾ ਤਿਉਹਾਰ ਹੋਲੀ ਦਾ ਰੰਗ ਐਤਕੀਂ ਫਿੱਕਾ ਪੈ ਗਿਆ ਹੈ। ਮੁਹਾਲੀ ਦੇ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਚਾਰ ਚੁਫੇਰੇ ਸਨਾਟਾ ਪਸਰਿਆ ਹੋਇਆ ਹੈ ਅਤੇ ਗੁਲਾਲ ਅਤੇ ਹੋਰ ਰੰਗ, ਗੁਬਾਰੇ ਅਤੇ ਪਿਚਕਾਰੀਆਂ ਵੇਚਣ ਵਾਲੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ। ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕ ਕਰੋਨਾਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ ਰੰਗ ਅਤੇ ਹੋਰ ਸਮਾਨ ਖ਼ਰੀਦਣ ਤੋਂ ਕਤਰਾ ਰਹੇ ਹਨ। ਅੱਜ ਮੀਡੀਆ ਟੀਮ ਨੇ ਹੋਲੀ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਤਾਂ ਲਗਭਗ ਸਾਰੇ ਬਾਜ਼ਾਰਾਂ ਵਿੱਚ ਵੀਰਾਨੀ ਛਾਈ ਹੋਈ ਸੀ ਅਤੇ ਛੋਟੇ ਦੁਕਾਨਦਾਰ ਅਤੇ ਰੇਹੜੀਆਂ-ਫੜੀਆਂ ਵਾਲੇ ਵਿਹਲੇ ਬੈਠੇ ਹੋਏ ਸੀ, ਜੋ ਆਪਣੇ ਕਾਰੋਬਾਰ ਵਿੱਚ ਮੰਦੀ ਕਾਰਨ ਫ਼ਿਕਰਮੰਦ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਦੀ ਹੋਲੀ ਦਾ ਰੰਗ ਬਦਰੰਗ ਹੋ ਗਿਆ ਹੈ ਅਤੇ ਉਨ੍ਹਾਂ ਨੂੰ 70 ਤੋਂ 80 ਫੀਸਦੀ ਘਾਟਾ ਸਹਿਣਾ ਪੈ ਰਿਹਾ ਹੈ। ਕਈ ਦੁਕਾਨਦਾਰ ਤਾਂ 90 ਫੀਸਦੀ ਤੱਕ ਸੇਲ ਘਟਣ ਦੀ ਗੱਲ ਆਖ ਰਹੇ ਸੀ।
ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਰੇਹੜੀ-ਫੜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਰਵੀ ਕੁਮਾਰ ਨੇ ਦੱਸਿਆ ਕਿ ਇਸ ਸਾਲ ਅਚਾਨਕ ਕਰੋਨਾਵਾਇਰਸ ਦੇ ਪ੍ਰਕੋਪ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਗੁਬਾਰੇ ਅਤੇ ਪਿਚਕਾਰੀ ਚਾਈਨਾ ਤੋਂ ਆਉਂਦੇ ਹਨ ਪ੍ਰੰਤੂ ਬਾਕੀ ਜ਼ਿਆਦਾਤਰ ਸਮਾਨ ਤਾਂ ਜੈਪੁਰ, ਰਾਜਸਥਾਨ, ਯੂਪੀ, ਹਰਿਆਣਾ ਆਦਿ ਸ਼ਹਿਰਾਂ ਤੋਂ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸਾਲ ਵਾਂਗ ਇਸ ਵਾਰ ਵੀ ਉਨ੍ਹਾਂ ਨੇ ਹੋਲੀ ਦੇ ਮੱਦੇਨਜ਼ਰ ਗੁਲਾਲ ਅਤੇ ਹੋਰ ਵੱਖ ਵੱਖ ਪ੍ਰਕਾਰ ਦੇ ਰੰਗ, ਪਿਚਕਾਰੀਆਂ ਅਤੇ ਗੁਬਾਰੇ 6 ਮਹੀਨੇ ਪਹਿਲਾਂ ਹੀ ਮੰਗਵਾ ਲਏ ਸੀ, ਪ੍ਰੰਤੂ ਆਮ ਲੋਕ ਕਰੋਨਾਵਾਇਰਸ ਦੇ ਚੱਲਦਿਆਂ ਉਨ੍ਹਾਂ ਤੋਂ ਅਜਿਹਾ ਕੋਈ ਸਮਾਨ ਖ਼ਰੀਦਣ ਨੂੰ ਤਿਆਰ ਨਹੀਂ ਹਨ ਜਦੋਂਕਿ ਇਹ ਵਾਇਰਸ ਹਾਲ ਹੀ ਵਿੱਚ ਫੈਲਿਆ ਹੈ।
ਇੱਥੋਂ ਦੇ ਫੇਜ਼-5 ਦੀ ਮਾਰਕੀਟ ਵਿੱਚ ਗੁਲਾਲ ਵੇਚਣ ਵਾਲੇ ਜਤਿੰਦਰ ਠਾਕੁਰ ਅਤੇ ਹਿਮਾਂਸ਼ੂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮਾਰਕੀਟ ਵਿੱਚ ਗੁਲਾਲ ਸਮੇਤ ਹੋਰ ਰੰਗ, ਪਿਚਕਾਰੀ ਅਤੇ ਗੁਬਾਰੇ ਵੇਚਣ ਲਈ ਦੁਕਾਨ ਸਜਾ ਦੇ ਬੈਠੇ ਹੋਏ ਹਨ ਅਤੇ ਪਿਛਲੇ ਸਮਿਆਂ ਵਿੱਚ ਉਹ ਇਸ ਸੀਜ਼ਨ ਵਿੱਚ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਦਿਨ ਕਮਾਉਂਦੇ ਸੀ ਪ੍ਰੰਤੂ ਐਤਕੀਂ ਬੜੀ ਮੁਸ਼ਕਲ ਨਾਲ 200 ਕੁ ਰੁਪਏ ਵੱਟਿਆ ਹੈ। ਇਨ੍ਹਾਂ ’ਚੋਂ ਵੀ ਉਨ੍ਹਾਂ ਨੇ ਦਿਨ ਵਿੱਚ ਦੋ ਵਾਰ ਚਾਹ ਅਤੇ ਦੁਪਹਿਰ ਦਾ ਖਾਣਾ ਖਾਧਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਜੇਬ ਵਿੱਚ ਸਿਰਫ਼ 100 ਰੁਪਏ ਬਚੇ ਹਨ।
ਰਵੀ ਕੁਮਾਰ ਨੇ ਦੱਸਿਆ ਕਿ ਪਿਛਲੇ ਸਮਿਆਂ ਵਿੱਚ ਕੀਤੇ ਕਾਰੋਬਾਰ ਨੂੰ ਦੇਖਦੇ ਹੋਏ ਇਸ ਵਾਰ ਉਸ ਨੇ ਕਰੀਬ ਦੋ ਲੱਖ ਰੁਪਏ ਦਾ ਸਮਾਨ ਪਹਿਲਾਂ ਹੀ ਖਰੀਦ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਘੱਟੋ ਘੱਟ 5 ਮਹੀਨੇ ਪਹਿਲਾਂ ਹੀ ਬੂਕਿੰਗ ਕਰਵਾਉਣੀ ਪੈਂਦੀ ਹੈ, ਪਰ ਐਤਕੀਂ ਸਾਰਾ ਗਣਿਤ ਗਲਤ ਹੋ ਗਿਆ। ਉਨ੍ਹਾਂ ਦੱਸਿਆ ਕਿ ਹੋਲੀ ਦੇ ਤਿਉਹਾਰ ਸਬੰਧੀ ਸਾਰੇ ਰੰਗ ਪੂਰੀ ਤਰ੍ਹਾਂ ਟੈਸਟ ਕਰਕੇ ਬਾਜ਼ਾਰ ਵਿੱਚ ਉਤਾਰੇ ਜਾਂਦੇ ਹਨ ਤਾਂ ਜੋ ਕਿਸੇ ਵਿਅਕਤੀ ਦੀ ਚਮੜੀ ’ਤੇ ਮਾੜਾ ਅਸਰ ਨਾ ਪਵੇ ਅਤੇ ਰੰਗਾਂ ਦੇ ਪੈਕਟਾਂ ’ਤੇ ਬਕਾਇਦਾ ਇਹ ‘ਸੇਵ ਫਾਰ ਯੂਜ਼’ (ਬਿਨਾਂ ਹਾਨੀਕਾਰਕ ਕੈਮੀਕਲ ਤੋਂ ਬਣੇ ਰੰਗ) ਲਿਖਿਆ ਹੁੰਦਾ ਹੈ ਪ੍ਰੰਤੂ ਇਸ ਵਾਰ ਕਰੋਨਾਵਾਇਰਸ ਦੇ ਡਰ ਕਾਰਨ ਲੋਕ ਰੰਗ, ਪਿਚਕਾਰੀ ਅਤੇ ਗੁਬਾਰੇ ਖਰੀਦਣ ਤੋਂ ਪਰਹੇਜ਼ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…