ਮੁਹਾਲੀ ਦੀਆਂ ਸੜਕਾਂ ਹੇਠਲੀ ਜ਼ਮੀਨ ਖੋਖਲੀ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ, ਫੇਜ਼-5 ਵਿੱਚ ਬਲੈਰੋ ਜੀਪ ਜ਼ਮੀਨ ਵਿੱਚ ਧਸੀ

ਭਾਜਪਾ ਆਗੂ ਤੇ ਕੌਂਸਲਰ ਅਰੁਣ ਸ਼ਰਮਾ ਦੀ ਸੂਚਨਾ ’ਤੇ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਮੌਕੇ ’ਤੇ ਪੁੱਜੇ, ਜਾਇਜ਼ਾ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਬਹੁਤੀਆਂ ਸੜਕਾਂ ਦੇ ਹੇਠਾਂ ਤੋਂ ਜ਼ਮੀਨ ਖੋਖਲੀ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਸੜਕਾਂ ਤੇ ਫੁੱਟਪਾਥ ਹੇਠਲੀ ਜ਼ਮੀਨ ਧਸੀ ਹੋਈ ਹੈ। ਇਸ ਤੋਂ ਪਹਿਲਾਂ ਵੀ ਮੀਡੀਆ ਵੱਲੋਂ ਇਹ ਮੁੱਦਾ ਵੱਡੇ ਪੱਧਰ ’ਤੇ ਚੁੱਕਿਆ ਗਿਆ ਸੀ। ਲੇਕਿਨ ਕੁੱਝ ਸਮੇਂ ਬਾਅਦ ਅਧਿਕਾਰੀਆਂ ਨੇ ਮੁੜ ਚੁੱਪ ਧਾਰ ਲਈ। ਜਿਸ ਕਾਰਨ ਲੋਕ ਹੁਣ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ।
ਉਧਰ, ਪਿਛਲੇ ਸਾਲ ਲਗਾਤਾਰ ਤੇਜ਼ ਬਾਰਿਸ਼ ਦੇ ਪਾਣੀ ਅਤੇ ਅਚਾਨਕ ਸੀਵਰੇਜ ਓਵਰਫਲੋ ਹੋਣ ਕਾਰਨ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਜਾਣ ਵਾਲੀ 200 ਫੁੱਟ ਚੌੜੀ ਏਅਰਪੋਰਟ ਸੜਕ ’ਤੇ ਸੈਕਟਰ-80 ਮੌਲੀ ਚੌਕ ਨੇੜੇ ਮੀਂਹ ਦੇ ਪਾਣੀ ਕਾਰਨ ਪਏ ਡੂੰਘੇ ਖੱਡਿਆਂ ਅਤੇ ਹੋਰ ਸੜਕਾਂ ਹੇਠਲੀ ਜ਼ਮੀਨ ਧਸਣ ਦੇ ਮਾਮਲੇ ਦੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਵਿਜਲੈਂਸ ਬਿਊਰੋ (ਉਡਣ ਦਸਤਾ-1) ਜ਼ਿਲ੍ਹਾ ਮੁਹਾਲੀ ਦੇ ਤਤਕਾਲੀ ਐਸ.ਪੀ ਹਰਗੋਬਿੰਦ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੇ ਤਕਨੀਕੀ ਮਾਹਰਾਂ ਦੀ ਇਕ ਉਚ ਪੱਧਰੀ ਟੀਮ ਵੱਲੋਂ ਏਅਰਪੋਰਟ ਸੜਕ ਦਾ ਦੌਰਾ ਕਰਕੇ ਸੜਕ ਵਿੱਚ ਪਏ ਖੱਡਿਆਂ ਦਾ ਨਿਰੀਖਣ ਕਰਦਿਆਂ ਸੜਕ ਦੇ ਨਿਰਮਾਣ ਲਈ ਵਰਤੇ ਗਏ ਮਟੀਰੀਅਲ ਦੇ ਸੈਂਪਲ ਲਏ ਸਨ ਲੇਕਿਨ ਹੁਣ ਤੱਕ ਇਹ ਜਾਂਚ ਕਿਸੇ ਕੰਢੇ ਨਹੀਂ ਲੱਗੀ ਅਤੇ ਨਾ ਹੀ ਵਿਜੀਲੈਂਸ ਨੇ ਇਸ ਬਾਰੇ ਕੋਈ ਰਿਪੋਰਟ ਹੀ ਨਸਰ ਕੀਤੀ ਹੈ ਅਤੇ ਨਾ ਹੀ ਕੋਈ ਅਧਿਕਾਰੀ ਕੁੱਝ ਦੱਸਣ ਨੂੰ ਤਿਆਰ ਹੈ।
ਇੱਥੋਂ ਦੇ ਫੇਜ਼-5 ਵਿੱਚ ਐਚਈ ਬਲਾਕ ਮਕਾਨ ਨੰਬਰ-33 ਦੇ ਨੇੜੇ ਬਲੈਰੋ ਗੱਡੀ ਜ਼ਮੀਨ ਵਿੱਚ ਧਸ ਗਈ। ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਬੀਤੀ ਰਾਤ ਆਪਣੀ ਗੱਡੀ ਘਰ ਦੇ ਬਾਹਰ ਫੁੱਟਪਾਥ ’ਤੇ ਖੜੀ ਕੀਤੀ ਸੀ ਲੇਕਿਨ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਗੱਡੀ ਖੜੀ ਖੜੀ ਹੀ ਜ਼ਮੀਨ ਵਿੱਚ ਧੱਸ ਗਈ। ਉਸ ਲੇ ਤੁਰੰਤ ਆਪਣੇ ਇਲਾਕੇ ਦੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੂੰ ਫੋਨ ’ਤੇ ਸ਼ਿਕਾਇਤ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਭਾਜਪਾ ਆਗੂ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਮੌਕੇ ਦਾ ਜਾਇਜ਼ਾ ਲਿਆ। ਇਸ ਮਗਰੋਂ ਕੌਂਸਲਰ ਨੇ ਨਗਰ ਨਿਗਮ ਦੇ ਐਕਸੀਅਨ ਅਵਤਾਰ ਸਿੰਘ, ਐਸਡੀਓ ਹਰਪ੍ਰੀਤ ਸਿੰਘ ਤੇ ਜੇਈ ਜਸਪ੍ਰੀਤ ਸਿੰਘ ਅਤੇ ਸੀਵਰੇਜ ਬੋਰਡ ਦੇ ਜੂਨੀਅਰ ਇੰਜੀਨੀਅਰ ਸੰਜੇ ਕਪਿਲਾ ਨੂੰ ਵੀ ਮੌਕੇ ’ਤੇ ਸੱਦ ਲਿਆ। ਅਧਿਕਾਰੀ ਵੀ ਕਾਰ ਦਾ ਅਗਲਾ ਟਾਇਰ ਜ਼ਮੀਨ ਧਸਿਆ ਦੇਖ ਕੇ ਦੰਗ ਰਹਿ ਗਏ। ਉਂਜ ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਅੰਡਰ ਗਰਾਉਂਡ ਕੇਬਲ ਤਾਰਾਂ ਪਾਉਣ ਕਾਰਨ ਜ਼ਮੀਨ ਖੋਖਲੀ ਹੁੰਦੀ ਜਾ ਰਹੀ ਹੈ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਸਬੰਧੀ ਭਾਜਪਾ ਕੌਂਸਲਰ ਸ੍ਰੀ ਸ਼ਰਮਾ ਨੇ ਅਧਿਕਾਰੀਆਂ ਨੂੰ ਘੇਰਦਿਆਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਅੰਡਰ ਗਰਾਉਂਡ ਕੇਬਲ ਤਾਰਾਂ ਪਾਉਣ ਦੀ ਮਨਜ਼ੂਰੀ ਵੀ ਤਾਂ ਪ੍ਰਸ਼ਾਸਨ ਹੀ ਦਿੰਦਾ ਹੈ। ਅਧਿਕਾਰੀਆਂ ਨੂੰ ਉਸ ਵੇਲੇ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਜਿਹਾ ਹੋਣ ਨਾਲ ਜ਼ਮੀਨ ਹੇਠਾਂ ਤੋਂ ਖੋਖਲੀ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਅੰਡਰ ਗਰਾਉਂਡ ਕੇਬਲ ਤਾਰਾਂ ਪਾਉਣ ਦੀ ਇਜਾਜ਼ਤ ਹੀ ਨਾ ਦਿੱਤੀ ਜਾਵੇ। ਭਾਜਪਾ ਆਗੂ ਨੇ ਦੱਸਿਆ ਕਿ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਦਰਅਸਲ ਸ਼ਹਿਰ ਵਿੱਚ ਚਾਰ ਦਹਾਕੇ ਪੁਰਾਣਾ ਸੀਵਰੇਜ ਥਾਂ-ਥਾਂ ਤੋਂ ਧਸ ਗਿਆ ਹੈ। ਜਿਸ ਕਾਰਨ ਸੜਕਾਂ ਹੇਠਲੀ ਜ਼ਮੀਨ ਖੋਖਲੀ ਹੁੰਦੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਏਅਰਪੋਰਟ ਸੜਕ ਤੋਂ ਇਲਾਵਾ ਇੱਥੋਂ ਦੇ ਪੀਸੀਐਲ ਤੋਂ ਗੋਦਰੇਜ ਸੜਕ ’ਤੇ ਆਈਵੀਵਾਈ ਸੁਪਰ ਸਪੈਸਲਿਟੀ ਹਸਪਤਾਲ ਲਾਗੇ ਜ਼ਮੀਨ ਧਸਣ ਕਾਰਨ ਜਲ ਸਪਲਾਈ ਵਾਲੀ ਪਾਈਪਲਾਈਨ ਬਿਲਕੁਲ ਟੁੱਟ ਕੇ ਬਿਖਰ ਗਈ ਸੀ ਅਤੇ ਫੇਜ਼-5 ਦੇ ਰਿਹਾਇਸ਼ੀ ਖੇਤਰ ਵਿੱਚ ਇਕ ਸੇਵਾਮੁਕਤ ਅਧਿਕਾਰੀ ਬਲਬੀਰ ਸਿੰਘ ਦੇ ਘਰ ਮੂਹਰੇ ਮੀਂਹ ਦੇ ਪਾਣੀ ਨਾਲ ਸੜਕ ਵਿੱਚ ਵੱਡਾ ਪਾੜ ਪੈ ਗਿਆ ਸੀ। ਇੰਝ ਹੀ ਕਾਰਗਿੱਲ ਪਾਰਕ ਸੈਕਟਰ-71 ਅਤੇ ਸੈਂਟਰਲ ਥਾਣਾ ਫੇਜ਼-8 ਦੇ ਮੋੜ ਉੱਤੇ ਸੜਕ ਧਸਣ ਕਾਰਨ ਪੁਰਾਣੀ ਤਕਨੀਕ ਨਾਲ ਬਣਾਈ ਗਈ ਸੀਵਰੇਜ਼ ਲਾਈਨ ਟੁੱਟ ਗਈ ਸੀ। ਇਸੇ ਤਰ੍ਹਾਂ ਕਈ ਹੋਰਨਾਂ ਥਾਵਾਂ ’ਤੇ ਜ਼ਮੀਨ ਧਸਣ ਕਾਰਨ ਪਾੜ ਗਏ ਸੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…