Nabaz-e-punjab.com

ਸਿਹਤ ਬੁਨਿਆਦੀ ਢਾਂਚੇ ਦੀ ਸਰਬੋਤਮ ਵਰਤੋਂ ਲਈ ਵੱਡੇ ਹਸਪਤਾਲਾਂ ਵੱਲੋਂ ਦਿੱਤੀਆਂ ਜਾਣਗੀਆਂ ਹੋਮ ਕੇਅਰ ਸੇਵਾਵਾਂ: ਡੀਸੀ

ਕੇਵਲ ਗੰਭੀਰ ਰੋਗੀਆਂ ਨੂੰ ਦਿੱਤੀਆਂ ਜਾਣਗੀਆਂ ਤੀਜੇ ਦਰਜੇ ਦੀਆਂ (ਐੱਲ 3) ਉੱਚ ਸਹੂਲਤਾਂ

ਹਾਲਤ ਵਿੱਚ ਸੁਧਾਰ ਤੋਂ ਬਾਅਦ ਮਰੀਜ਼ਾਂ ਨੂੰ ਤੀਜੇ ਦਰਜੇ ਦੀ ਸੰਸਥਾ ਤੋਂ ਕੀਤਾ ਜਾਵੇਗਾ ਦੂਜੀ ਸੰਸਥਾ ਵਿੱਚ ਸ਼ਿਫ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਕੋਵਿਡ-19 ਮਹਾਮਾਰੀ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਤੀਜੇ ਦਰਜੇ ਦੀਆਂ ਸਿਹਤ ਸੰਸਥਾਵਾਂ ਵਿੱਚ ਲੋੜੀਂਦੇ ਬੈੱਡ ਰਾਖਵੇਂ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਵੱਡੇ ਮੈਡੀਕਲ ਬੁਨਿਆਦੀ ਢਾਂਚੇ ਵਾਲੇ ਪ੍ਰਾਈਵੇਟ ਹਸਪਤਾਲ ਬਿਨਾਂ ਕਰੋਨਾਵਾਇਰਸ ਦੇ ਲੱਛਣਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੇਅਰ ਸੇਵਾਵਾਂ ਪ੍ਰਦਾਨ ਕਰਨਗੇ। ਇਹ ਗੱਲ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਹੀ।
ਡੀਸੀ ਨੇ ਕਿਹਾ ਕਿ ਬਹੁਤ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਤੀਜੇ ਦਰਜੇ ਦੀਆਂ ਵਧੀਆ ਮੈਡੀਕਲ ਸੁਵਿਧਾਵਾਂ ਵੱਡੇ ਹਸਪਤਾਲਾਂ ਵਿਚ ਉਨ੍ਹਾਂ ਮਰੀਜ਼ਾਂ ਵੱਲੋਂ ਲਈਆਂ ਜਾ ਰਹੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਤੀਜੇ ਦਰਜੇ ਦੀ ਸੁਵਿਧਾਵਾਂ ਦੀ ਲੋੜ ਨਹੀ ਹੁੰਦੀ ਸਗੋਂ ਸਿਰਫ਼ ਮੈਡੀਕਲ ਨਿਗਰਾਨੀ/ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿਨ੍ਹਾਂ ਗੰਭੀਰ ਮਰੀਜ਼ਾਂ ਨੂੰ ਤੀਜੇ ਦਰਜੇ ਦੀਆਂ ਸੁਵਿਧਾਵਾਂ ਦੀ ਲੋੜ ਹੁੰਦੀ ਹੈ ਉਹ ਉਨ੍ਹਾਂ ਸਹੂਲਤਾਂ ਤੋ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਿਹਤ ਬੁਨਿਆਦੀ ਢਾਂਚੇ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਐਲ-3 ਸੰਸਥਾਵਾਂ ਵਿੱਚ ਕੇਵਲ ਗੰਭੀਰ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ਦੀ ਲੋੜ ਹੋਵੇ ਨਾ ਕਿ ਉਨ੍ਹਾਂ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਸਿਰਫ਼ ਡਾਕਟਰੀ ਦੇਖਭਾਲ ਦੀ ਲੋੜ ਹੋਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕੋਈ ਘੱਟ ਗੰਭੀਰ ਮਰੀਜ਼ ਐਲ-3 ਹਸਪਤਾਲ ਵਿੱਚ ਇਸ ਲਈ ਦਾਖ਼ਲਾ ਲੈਂਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੋਣ ਜਾਂ ਉਹ ਆਪਣੇ ਛੋਟੇ ਬੱਚਿਆਂ ਨੂੰ ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਅਜਿਹੀ ਸੂਰਤ ਵਿੱਚ ਉਹ ਹੋਟਲ ਵਿੱਚ ਦਾਖ਼ਲ ਹੋ ਕੇ ਵੱਡੇ ਹਸਪਤਾਲਾਂ ਤੋਂ ਹੋਮ ਕੇਅਰ ਟਰੀਟਮੈਂਟ ਸੁਵਿਧਾ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਫੋਰਟਿਸ ਅਤੇ ਮੈਕਸ ਹਸਪਤਾਲ ਵੱਲੋਂ ਘੱਟ ਗੰਭੀਰ ਮਰੀਜ਼ਾਂ ਨੂੰ ਹੋਮ ਕੇਅਰ ਪਲਾਨ ਰਾਹੀਂ ਇਲਾਜ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਅਤੇ ਜਿਨ੍ਹਾਂ ਹੋਟਲਾਂ ਨੇ ਸਵੈ ਇਕਾਂਤਵਾਸ ਲਈ ਕਮਰੇ ਉਪਲਬਧ ਕਰਵਾਏ ਹਨ ਉਨ੍ਹਾਂ ਵਿਚ ਹੋਟਲ ਵੁੱਡ ਕਰੈੱਸਟ ਜ਼ੀਰਕਪੁਰ, ਜੇ ਡੀ ਰੈਜ਼ੀਡੈਂਸੀ ਮੁਹਾਲੀ, ਰਾੱਕ ਲੈਂਡ ਜ਼ੀਰਕਪੁਰ, ਬਲੈਕ ਡਾਇਮੰਡ ਜ਼ੀਰਕਪੁਰ, ਰਾਇਲ ਪਾਰਕ ਜ਼ੀਰਕਪੁਰ, ਅਰੀਸਤਾ ਖਰੜ ਅਤੇ ਹੋਟਲ ਜੋਡੀਐੱਕ ਸ਼ਾਮਲ ਹਨ।
ਮੈਡੀਕਲ ਮੁੱਢਲੇ ਢਾਂਚੇ ਦੀ ਸੁਚੱਜੀ ਵਰਤੋਂ ਲਈ ਜ਼ਿਲ੍ਹੇ ਵਿੱਚ ‘ਰੀਵਰਸ ਰੈਫਰਲ ਕਨਸੈਪਟ’ ਦੀ ਵਰਤੋਂ ਵੀ ਕੀਤੀ ਜਾਵੇਗੀ ਜਿਸ ਦੇ ਤਹਿਤ ਗੰਭੀਰ ਕੋਵਿਡ ਮਰੀਜ਼ ਜਦ ਠੀਕ ਹੋ ਜਾਂਦਾ ਹੈ ਅਤੇ ਉਸ ਨੂੰ ਕੇਵਲ ਨਿਗਰਾਨੀ ਜਾਂ ਦੇਖਭਾਲ ਦੀ ਲੋੜ ਹੋਵੇ ਤਾਂ ਉਸ ਨੂੰ ਆਕਸੀਜਨ ਅਤੇ ਵੈਂਟੀਲੇਟਰ ਯੁਕਤ ਸੰਸਥਾ ’ਚੋਂ ਐਲ-2, ਐਲ-1 ਸੰਸਥਾ ਜਾਂ ਘਰੇਲੂ ਇਕਾਂਤਵਾਸ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ। ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੈਡੀਕਲ ਮੁੱਢਲੇ ਢਾਂਚੇ ਦੀ ਯੋਗ ਵਰਤੋਂ ਵਿੱਚ ਸਹਿਯੋਗ ਦੇਣ ਅਤੇ ਲੋੜ ਪੈਣ ‘ਤੇ ਕੇਵਲ ਉਸੇ ਪੱਧਰ ਦੀ ਸੰਸਥਾ ਵਿਚ ਇਲਾਜ ਕਰਵਾਉਣ ਜਿੰਨੀ ਗੰਭੀਰ ਉਨ੍ਹਾਂ ਦੀ ਸਥਿਤੀ/ਬਿਮਾਰੀ ਹੋਵੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …