
ਗ੍ਰਹਿ ਵਿਭਾਗ ਦਾ ਸਕੱਤਰ, ਵਿਧਾਇਕ ਤੇ ਪੁਲੀਸ ਇੰਸਪੈਕਟਰ ਬਣ ਕੇ ਠੱਗੀਆਂ ਮਾਰਨ ਵਾਲਾ ਗ੍ਰਿਫ਼ਤਾਰ
ਸੈਕਟਰ-82 ਵਿੱਚ ਚਲਾ ਰਿਹਾ ਸੀ ਇਮੀਗਰੇਸ਼ਨ ਦਾ ਜਾਅਲੀ ਧੰਦਾ, ਡੇਰਾਬੱਸੀ ਵੀ ਖੋਲ੍ਹਿਆ ਹੈ ਦਫ਼ਤਰ
ਮੁਹਾਲੀ ਜ਼ਿਲ੍ਹੇ ਵਿੱਚ ਕਰੀਬ 19 ਫ਼ਰਜ਼ੀ ਇਮੀਗਰੇਸ਼ਨ ਏਜੰਸੀਆਂ/ਟਰੈਵਲ ਏਜੰਟਾਂ ਖ਼ਿਲਾਫ਼ ਵੀ ਦਰਜ ਕੀਤੇ ਕੇਸ
ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਬਿਨਾਂ ਲਾਇਸੈਂਸ ਤੋਂ ਚੱਲ ਰਹੀਆ ਫ਼ਰਜ਼ੀ ਇੰਮੀਗਰੇਸ਼ਨ ਏਜੰਸੀਆਂ\ਟਰੈਵਲ ਏਜੰਟਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਮੁਲਜ਼ਮ ਸਰਬਜੀਤ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਲਗਜ਼ਰੀ ਗੱਡੀਆਂ ਅਤੇ ਗੰਨਮੈਨਾਂ (ਪ੍ਰਾਈਵੇਟ ਸਕਿਉਰਿਟੀ ਗਾਰਡ) ਨਾਲ ਲੈ ਕੇ ਚੱਲਦਾ ਸੀ ਅਤੇ ਰੋਅਬਦਾਰ ਪ੍ਰਭਾਵ ਨਾਲ ਫ਼ਰਜ਼ੀ ਇਮੀਗਰੇਸ਼ਨ ਦਾ ਕੰਮ ਕਰਦਾ ਸੀ ਅਤੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਦੱਸਿਆ ਕਿ ਸਰਬਜੀਤ ਸੰਧੂ ਆਪਣੇ ਸਾਥੀਆ ਨਾਲ ਮਿਲ ਕੇ ਫ਼ਰਜ਼ੀ ਇਮੀਗਰੇਸ਼ਨ ਦਾ ਕੰਮ ਕਰਦਾ ਹੈ। ਉਹ ਲੋਕਾਂ ’ਤੇ ਪ੍ਰਭਾਵ ਪਾਉਣ ਲਈ ਕਦੇ ਫ਼ਰਜ਼ੀ ਗ੍ਰਹਿ ਵਿਭਾਗ ਹਰਿਆਣਾ ਦਾ ਸੈਕਟਰੀ ਬਣ ਜਾਂਦਾ ਹੈ, ਕਦੇ ਇਹ ਪੰਜਾਬ ਪੁਲੀਸ ਦਾ ਇੰਸਪੈਕਟਰ ਅਤੇ ਕਦੇ ਵਿਧਾਇਕ ਬਣ ਕੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਦੇ ਪਾਸਪੋਰਟ ਲੈ ਕੇ ਵੱਡੀ ਰਕਮ ਦੀ ਡੀਲ ਕਰਦਾ ਸੀ। ਮੁਲਜ਼ਮ ਦੇ ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਆਈਡੀਐਫ਼ਸੀ, ਇੰਡਸ-ਇੰਡ ਅਤੇ ਹੋਰਨਾਂ ਬੈਂਕ ਵਿੱਚ ਕਰੀਬ 61 ਬੈਂਕ ਖਾਤੇ ਹਨ। ਉਸ ਦਾ ਸਾਥੀ ਰਾਹੁਲ ਤੋਂ ਪਾਸਪੋਰਟਾਂ ’ਤੇ ਜਾਅਲੀ ਵੀਜ਼ਾ ਸਟਿੱਕਰ, ਜਾਅਲੀ ਵਿਦੇਸ਼ਾਂ ਦੇ ਆਰਐਫ਼ਸੀ ਅਤੇ ਹੋਰ ਕਿਸਮ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦਿੰਦਾ ਸੀ। ਇਸ ਕੰਮ ਬਦਲੇ ਪ੍ਰਤੀ ਵਿਅਕਤੀ ਰਾਹੁਲ ਨੂੰ ਇੱਕ 1 ਤੋਂ 2 ਲੱਖ ਰੁਪਏ ਦਿੰਦਾ ਸੀ। ਜੇਕਰ ਕੋਈ ਪੀੜਤ ਆਪਣੇ ਪੈਸੇ ਵਾਪਸ ਮੰਗਦਾ ਸੀ ਉਹ ਨਿੱਜੀ ਸਕਿਉਰਿਟੀ ਗਾਰਡਾਂ ਤੋਂ ਦਬਕੇ ਮਰਵਾ ਕੇ ਵਾਪਸ ਭੇਜ ਦਿੰਦਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸੰਧੂ ਵੱਲੋਂ ਸੈਕਟਰ-82 ਵਿੱਚ ਆਪਣਾ ਲਗਜਰੀ ਦਫ਼ਤਰ ਅਤੇ ਡੇਰਾਬਸੀ ਵਿੱਚ ਡੋਲਰ ਕਲੱਬ, ਇਸ ਦੇ ਉੱਪਰ ਸੰਧੂ ਟਰਾਂਸਪੋਰਟ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੱਖ-ਵੱਖ 19 ਫ਼ਰਜ਼ੀ ਇਮੀਗਰੇਸ਼ਨ ਏਜੰਸੀਆਂ\ਟਰੈਵਲ ਏਜੰਟਾਂ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਹੁਣ ਤੱਕ 55 ਕੇਸ ਦਰਜ ਕੀਤੇ ਗਏ ਹਨ।