Nabaz-e-punjab.com

ਘਰ ਘਰ ਰੁਜ਼ਗਾਰ: ਪਹਿਲੇ ਪੜਾਅ ਵਿੱਚ 30 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ: ਸਿੱਧੂ

ਪੰਜਾਬ ਭਰ ਵਿੱਚ ਐਤਕੀਂ ਵੱਖ ਵੱਖ ਥਾਵਾਂ ’ਤੇ 74 ਮੈਗਾ ਰੁਜ਼ਗਾਰ ਮੇਲੇ ਲਗਾਏ ਜਾਣਗੇ

ਨੌਕਰੀਆਂ ਮੁਹੱਈਆ ਕਰਵਾਉਣ ਵਿੱਚ ਦੇਸ਼ ਭਰ ’ਚੋਂ ਮੋਹਰੀ ਬਣੇਗੀ ਆਈਟੀ ਸਿਟੀ ਮੁਹਾਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਪੰਜਾਬ ਸਰਕਾਰ ਨੇ ‘ਘਰ ਘਰ ਰੁਜ਼ਗਾਰ’ ਯੋਜਨਾ ਤਹਿਤ ਬੀਤੀ 9 ਸਤੰਬਰ ਤੋਂ ਸ਼ੁਰੂ ਹੋਏ ਪੰਜਵੇਂ ਮੈਗਾ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿੱਚ 30 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ ਹਨ ਅਤੇ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ 2.10 ਲੱਖ ਨੌਕਰੀਆਂ ਮੁਹੱਈਆ ਕੀਤੀਆਂ ਜਾਣਗੀਆਂ। ਇਹ ਖੁਲਾਸਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸੀਜੀਸੀ ਕਾਲਜ ਲਾਂਡਰਾਂ ਵਿੱਚ ‘ਮੈਗਾ ਜੌਬ ਤੇ ਸੈੱਲਫ਼ ਐਂਪਲਾਇਮੈਂਟ ਮੇਲੇ’ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਦਘਾਟਨੀ ਸੈਸ਼ਨ ਤੋਂ ਬਾਅਦ ਮੰਤਰੀ ਨੇ 500 ਵਿਦਿਆਰਥੀਆਂ ਨੂੰ ਰੁਜ਼ਗਾਰ ਸਬੰਧੀ ਨਿਯੁਕਤੀ ਪੱਤਰ ਵੀ ਵੰਡੇ। ਇਨ੍ਹਾਂ ਨੌਜਵਾਨਾਂ ਨੂੰ ਵੱਖ ਵੱਖ ਨਾਮੀ ਕੰਪਨੀਆਂ ਵੱਲੋਂ ਸਾਲਾਨਾ 10 ਲੱਖ ਤੋਂ 30 ਲੱਖ ਰੁਪਏ ਪੈਕੇਜ ’ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਰਾਜ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ ਅਤੇ ਹੁਣ ਤੱਕ 9 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੇਲਿਆਂ ਰਾਹੀਂ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਵਿੱਚ ਦੋ ਦਿਨਾਂ ਤੱਕ ਲੱਗਣ ਵਾਲੇ ਇਸ ਰੋਜ਼ਗਾਰ ਮੇਲੇ ਦੌਰਾਨ ਛੇ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਵੇਂ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿੱਚ 10 ਹਜ਼ਾਰ ਵਿਦਿਆਰਥੀਆਂ ਨੇ ਖ਼ੁਦ ਨੂੰ ਸਵੈ ਰੁਜ਼ਗਾਰ ਸਕੀਮ ਅਧੀਨ ਰਜਿਸਟਰਡ ਕੀਤਾ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਕਰਜ਼ਾ ਦਿਵਾਉਣ ਵਿੱਚ ਸਹਿਯੋਗ ਦੇਵੇਗੀ। ਇਸ ਤੋਂ ਇਲਾਵਾ 2500 ਵਿਦਿਆਰਥੀਆਂ ਨੇ ਹੁਨਰ ਵਿਕਾਸ ਸਿਖਲਾਈ ਲਈ ਨਾਂ ਦਰਜ ਕਰਵਾਇਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਮਿਸ਼ਨ ਅਧੀਨ ਮੁਫ਼ਤ ਸਿਖਲਾਈ ਦਿਵਾਈ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ 21 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੰਜਵੇਂ ਮੈਗਾ ਰੁਜ਼ਗਾਰ ਮੇਲੇ ਦੇ ਦੂਜੇ ਪੜਾਅ ਦੌਰਾਨ ਪੰਜਾਬ ਸਰਕਾਰ ਸੂਬੇ ਭਰ ਦੀਆਂ 74 ਥਾਵਾਂ ਉੱਤੇ ਰੁਜ਼ਗਾਰ ਮੇਲੇ ਲਗਾਏਗੀ। ਉਨ੍ਹਾਂ ਦੱਸਿਆ ਕਿ 30 ਸਤੰਬਰ 2019 ਤੱਕ 2.10 ਲੱਖ ਨੌਕਰੀਆਂ ਦੇਣ ਦਾ ਟੀਚਾ ਹਾਸਲ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਤੇ ਹੁਨਰ ਦੇ ਹਿਸਾਬ ਨਾਲ ਪੈਕੇਜ ਮੁਹੱਈਆ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ ਸਕੂਲੀ ਪੜ੍ਹਾਈ ਵਿਚਾਲੇ ਛੱਡਣ ਵਾਲਿਆਂ ਨੂੰ ਵੀ ਨੌਕਰੀਆਂ ਦਿਵਾਈਆਂ ਗਈਆਂ ਹਨ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਆਈਟੀ ਸਿਟੀ ਮੁਹਾਲੀ ਭਾਰਤ ਭਰ ’ਚੋਂ ਨੌਕਰੀਆਂ ਮੁਹੱਈਆ ਕਰਵਾਉਣ ਵਿੱਚ ਸਭ ਤੋਂ ਵੱਡੇ ਖੇਤਰ ਵਜੋਂ ਉੱਭਰੇਗੀ ਕਿਉਂਕਿ ਇੱਥੇ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਆਪਣਾ ਕਿਆਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਸਣੇ ਕਈ ਕੌਮਾਂਤਰੀ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਵੀ ਆਈਟੀ ਸਿਟੀ, ਮੁਹਾਲੀ ਦਾ ਰੁਖ਼ ਕਰ ਰਹੀਆਂ ਹਨ।
ਇਸ ਤੋਂ ਪਹਿਲਾਂ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਸਿਹਤ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਦੀ ਸੰਸਥਾ ਨੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ ਹੈ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਆਪਣੇ ਰੁਜ਼ਗਾਰ ਮੇਲੇ ਵਿੱਚ 637 ਕੰਪਨੀਆਂ ਨੂੰ ਬੁਲਾ ਕੇ 6000 ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਅਤੇ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ਵਿੱਚ ਨਾਮ ਦਰਜ ਕਰਵਾਇਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ, ਐਸਡੀਐਮ ਜਗਦੀਪ ਸਹਿਗਲ, ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਰਣਜੀਤ ਸਿੰਘ ਜਗਤਪੁਰਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …