Nabaz-e-punjab.com

ਘਰ ਘਰ ਰੁਜ਼ਗਾਰ: 6008 ਨੌਜਵਾਨਾਂ ਦਾ ਰੁਜ਼ਗਾਰ ਹਾਸਲ ਕਰਨ ਦਾ ਸੁਪਨਾ ਹੋਇਆ ਸਾਕਾਰ: ਡੀਸੀ

ਸੀਜੀਸੀ ਕਾਲਜ ਲਾਂਡਰਾਂ ਦਾ ਦੋ ਰੋਜ਼ਾ ਮੈਗਾ ਰੁਜ਼ਗਾਰ ਤੇ ਸਵੈ ਰੁਜ਼ਗਾਰ ਮੇਲਾ ਬੇਰੁਜ਼ਗਾਰਾਂ ਲਈ ਵਾਰਦਾਨ ਸਾਬਤ ਹੋਇਆ

ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਪੰਜਾਬ ਸਰਕਾਰ ਦੀ ‘ਘਰ-ਘਰ ਰੁਜ਼ਗਾਰ’ ਸਕੀਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਲਾਇਆ ਗਿਆ ਦੋ ਰੋਜ਼ਾ ਮੈਗਾ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੇਲਾ ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਾਬਤ ਹੋਇਆ। ਇਸ ਦੋ ਰੋਜ਼ਾ ਮੈਗਾ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੇਲੇ ਵਿੱਚ ਪੁੱਜੀਆਂ ਵੱਖ-ਵੱਖ ਕੰਪਨੀਆਂ ਵੱਲੋਂ 6008 ਬਿਨੈਕਾਰਾਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਇਸ ਦੋ ਰੋਜ਼ਾ ਰੋਜ਼ਗਾਰ ਮੇਲੇ ਦਾ ਉਦਘਾਟਨ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਦੇ ਪ੍ਰਧਾਨ ਰਛਪਾਲ ਧਾਲੀਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਦੋ ਦਿਨਾਂ ਰੋਜ਼ਗਾਰ ਮੇਲੇ ਦੌਰਾਨ 9033 ਬਿਨੈਕਾਰਾਂ ਵੱਲੋਂ ਰੋਜ਼ਗਾਰ ਲਈ ਬਿਨੈ ਕੀਤਾ ਗਿਆ, ਜਿਨ੍ਹਾਂ ਵਿੱਚੋਂ 6008 ਬਿਨੈਕਾਰਾਂ ਨੂੰ ਨੌਕਰੀਆਂ ਅਤੇ ਸਵੈ ਰੋਜ਼ਗਾਰ ਦੀ ਪੇਸ਼ਕਸ਼ ਕੀਤੀ ਗਈ ਅਤੇ 283 ਨੌਜਵਾਨਾਂ ਨੂੰ ਨਾਮੀ ਕੰਪਨੀਆਂ ਵੱਲੋਂ ਰੋਜ਼ਗਾਰ ਲਈ ਸ਼ਾਰਟ ਲਿਸਟ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਦਿਆਲਨ, ਜਿਨ੍ਹਾਂ ਨੇ ਰੋਜ਼ਗਾਰ ਮੇਲੇ ਦੌਰਾਨ ਨੌਕਰੀ ਹਾਸਲ ਕਰਨ ਪੁੱਜੇ ਨੌਜਵਾਨਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਇਹ ਦਿਨ ਬੇਰੋਜ਼ਗਾਰ ਨੌਜਵਾਨਾਂ ਲਈ ਬਹੁਤ ਅਹਿਮ ਹੈ, ਜਿਨ੍ਹਾਂ ਨੂੰ ਰੋਜ਼ਗਾਰ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੀ ਜ਼ਿੰਦਗੀ ਦੀ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਇਹ ਕਾਮਯਾਬੀ ਦੀ ਸ਼ਾਨਦਾਰ ਦਾਸਤਾਨ ਦਾ ਮਹਿਜ਼ ਆਗਾਜ਼ ਹੈ। ਸ੍ਰੀ ਦਿਆਲਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਮਹੱਤਵਪੂਰਨ ਸਕੀਮ ਦਾ ਮਕਸਦ ਹਰ ਬੇਰੋਜ਼ਗਾਰ ਨੌਜਵਾਨ ਲਈ ਰੁਜ਼ਗਾਰ ਯਕੀਨੀ ਬਣਾਉਣਾ ਹੈ।
ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ’ਚ ਪੰਜ ਹੋਰ ਮੈਗਾ ਰੁਜ਼ਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਮੁੱਖ ਉਦਯੋਗਿਕ ਇਕਾਈਆਂ ਅਤੇ ਬਿਨੈਕਾਰਾਂ ਵਿਚਾਲੇ ਕੜੀ ਦਾ ਕੰਮ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਨਜੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…