
ਮੁਹਾਲੀ ਵਿੱਚ ਲਾਵਾਰਿਸ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਗੰਭੀਰ, ਹੰਗਾਮੇ ਕਾਰਨ ਸਥਿਤੀ ਤਣਾਅ ਪੂਰਨ
ਮਟੌਰ ਥਾਣੇ ਵਿੱਚ ਡੱਕੇ ਵਿਅਕਤੀਆਂ ਨੂੰ ਕਾਂਗਰਸੀ ਆਗੂਆਂ ਨੇ ਛੁਡਵਾਇਆ, ਲੋਕਾਂ ਵਿੱਚ ਰੋਸ ਦੀ ਲਹਿਰ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਮੁਹਾਲੀ ਵਿੱਚ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਕਾਰਨ ਸ਼ਹਿਰ ਵਾਸੀ ਡਾਢੇ ਤੰਗ ਪ੍ਰੇਸ਼ਾਨ ਹਨ। ਹਾਲਾਂਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਪਿਛਲੇ ਪੰਜ ਸਾਲ ਤੋਂ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ ਪ੍ਰੰਤੂ ਹੁਣ ਪਾਲਤੂ ਪਸ਼ੂਆਂ ਤੋਂ ਵੀ ਲੋਕ ਬੇਹੱਦ ਅੌਖੇ ਹਨ। ਕੁੱਝ ਰਸੂਖਵਾਨ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਘਾਹ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ। ਜਿਸ ਕਾਰਨ ਝਗੜੇ ਹੋ ਰਹੇ ਹਨ।
ਇੱਥੋਂ ਦੇ ਸੈਕਟਰ-70 ਸਥਿਤ ਪਿੰਡ ਮਟੌਰ ਵਿੱਚ ਪਾਲਤੂ ਪਸ਼ੂਆਂ ਨੂੰ ਖੁੱਲ੍ਹਾ ਛੱਡਣ ਨੂੰ ਲੈ ਕੇ ਪਸ਼ੂ ਪਾਲਕਾਂ ਅਤੇ ਆਮ ਲੋਕਾਂ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਅਤੇ ਦੋਵਾਂ ਧਿਰਾਂ ਵੱਲੋਂ ਡੰਡੇ ਚੁੱਕਣ ਅਤੇ ਗਲੀ ਮੁਹੱਲੇ ਵਿੱਚ ਇਕ ਦੂਜੇ ਨੂੰ ਧਮਕਾਉਣ ਕਾਰਨ ਸਥਿਤੀ ਤਣਾਅ ਪੂਰਨ ਹੋ ਗਈ।
ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਦੱਸਿਆ ਕਿ ਦਸਮੇਸ਼ ਆਟਾ-ਚੱਕੀ ਵਿੱਚ ਪਸ਼ੂ ਫੜ ਗਏ ਅਤੇ ਕਾਫੀ ਮਾਤਰਾ ਵਿੱਚ ਆਟਾ, ਕਣਕ ਖਾ ਲਈ ਅਤੇ ਕਾਫੀ ਅਨਾਜ ਖ਼ਰਾਬ ਕਰ ਦਿੱਤਾ। ਜਦੋਂ ਆਟਾ ਚੱਕੀ ਦੇ ਮਾਲਕ ਦਰਸ਼ਨ ਸਿੰਘ ਨੇ ਪਸ਼ੂਆਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਏਨੇ ਵਿੱਚ ਪਸ਼ੂ ਪਾਲਕ ਵੀ ਡੰਡੇ ਲੈ ਕੇ ਉੱਥੇ ਪਹੁੰਚ ਗਏ ਅਤੇ ਲੜਾਈ ਝਗੜੇ ’ਤੇ ਉਤਾਰੂ ਹੋ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੇ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਲਲਕਾਰੇ ਮਾਰੇ। ਜਿਸ ਕਾਰਨ ਸਥਿਤੀ ਤਣਾਅ ਪੂਰਨ ਹੋ ਗਈ।
ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਸ਼ੂ ਪਾਲਕਾਂ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੋਕਾਂ ਦੀ ਭੀੜ ’ਚੋਂ ਕਿਸੇ ਨੇ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰਕੇ ਝਗੜੇ ਬਾਰੇ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲੀਸ ਤਿੰਨ ਵਿਅਕਤੀਆਂ ਨੂੰ ਫੜ ਕੇ ਥਾਣੇ ਲੈ ਗਈ ਪ੍ਰੰਤੂ ਅੱਧੇ ਘੰਟੇ ਬਾਅਦ ਹੀ ਕਾਂਗਰਸੀ ਆਗੂ ਉਨ੍ਹਾਂ ਨੂੰ ਛੁਡਾ ਲਿਆਏ। ਸਾਬਕਾ ਕੌਂਸਲਰ ਨੇ ਦੱਸਿਆ ਕਿ ਪਿੰਡ ਮਟੌਰ ਸਮੇਤ ਸ਼ਹਿਰ ਵਾਸੀ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਪਸ਼ੂਆਂ ਕਾਰਨ ਜਿੱਥੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਸ਼ਹਿਰ ਵਿੱਚ ਗੰਦਗੀ ਵੀ ਫੈਲ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਪਸ਼ੂ ਪਾਲਕਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਤਹਿਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਸੋਸ਼ਲ ਵਰਕਰ ਜਸਪਾਲ ਸਿੰਘ ਮਟੌਰ, ਕਰਮਜੀਤ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ ਪੰਮੀ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਮਟੌਰ ’ਚੋਂ ਪਸ਼ੂਆਂ ਨੂੰ ਬਾਹਰ ਕੱਢਿਆ ਜਾਵੇ ਅਤੇ ਇਸ ਖੇਤਰ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਸ਼ੁਰੂ ਤੋਂ ਹੀ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਫੋਨ ’ਤੇ ਇਤਲਾਹ ਮਿਲੀ ਸੀ ਕਿ ਮਟੌਰ ਵਿੱਚ ਲੜਾਈ ਝਗੜਾ ਹੋ ਰਿਹਾ ਹੈ ਪ੍ਰੰਤੂ ਜਦੋਂ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਤਾਂ ਉੱਥੇ ਸਿਰਫ਼ ਇਕ ਧਿਰ ਦੇ ਬੰਦੇ ਹੀ ਖੜੇ ਹੋਏ ਸੀ। ਜਦੋਂ ਉਨ੍ਹਾਂ ਨੂੰ ਤਿੰਨ ਬੰਦਿਆਂ ਨੂੰ ਥਾਣੇ ਲਿਆਉਣ ਅਤੇ ਅੱਧੇ ਘੰਟੇ ਬਾਅਦ ਹੀ ਛੱਡ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਸ਼ੂ ਪਾਲਕਾ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੈ। ਉਂਜ ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਦੋਵੇਂ ਧਿਰਾਂ ਥਾਣੇ ਵਿੱਚ ਤਲਬ ਕੀਤੀਆਂ ਗਈਆਂ ਹਨ।