Nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਬੇਘਰਿਆਂ ਲਈ ਚੱਲ ਰਹੇ ਨੇ 15 ਰੈਣ ਬਸੇਰੇ: ਡੀਸੀ

ਲੋੜਵੰਦਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ: ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਢ ਤੋਂ ਬੇਘਰਿਆਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਉੱਤੇ 15 ਰੈਣ ਬਸੇਰੇ ਸਥਾਪਤ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੜਾਕੇ ਦੀਆਂ ਠੰਢੀਆਂ ਰਾਤਾਂ ਵਿੱਚ ਬੇਘਰਿਆਂ ਨੂੰ ਆਸਰਾ ਦੇਣ ਦੇ ਮੰਤਵ ਨਾਲ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿੱਚ ਰੈਣ ਬਸੇਰੇ ਸਥਾਪਤ ਕੀਤੇ ਹਨ, ਜਿੱਥੇ ਕੋਈ ਵੀ ਓਟ ਲੈ ਕੇ ਠੰਢ ਤੋਂ ਬਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਬੇਘਰਿਆਂ ਲਈ ਦਾਰਾ ਸਟੂਡੀਓ ਫੇਜ਼-6 ਵਿੱਚ ਰੈਣ ਬਸੇਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਗੱਦਿਆਂ, ਬੈੱਡਾਂ, ਰਜਾਈਆਂ, ਗੀਜ਼ਰ, ਪਾਣੀ ਦੀ ਸਪਲਾਈ ਅਤੇ ਰਸੋਈ ਦੀ ਸਹੂਲਤ ਦਿੱਤੀ ਗਈ ਹੈ। ਇਹ ਰੈਣ ਬਸੇਰਾ ਇਕ ਸਮੇਂ 42 ਬਾਸ਼ਿੰਦਿਆਂ ਨੂੰ ਠਾਹਰ ਦੇ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ੀਰਕਪੁਰ ਵਿੱਚ ਤਿੰਨ ਥਾਵਾਂ ਉਤੇ ਰੈਣ ਬਸੇਰੇ ਬਣਾਏ ਗਏ ਹਨ, ਜੋ 27 ਵਿਅਕਤੀਆਂ ਨੂੰ ਆਸਰਾ ਦੇਣ ਦੇ ਯੋਗ ਹਨ। ਇਨ੍ਹਾਂ ’ਚੋਂ ਇਕ ਕਮਿਊਨਿਟੀ ਸੈਂਟਰ, ਪ੍ਰੀਤ ਕਲੋਨੀ ਵਾਰਡ ਨੰਬਰ-14 ਵਿੱਚ ਚੱਲ ਰਿਹਾ ਹੈ, ਜਦੋਂਕਿ ਦੂਜਾ ਕਮਿਊਨਿਟੀ ਸੈਂਟਰ, ਭਬਾਤ ਵਾਰਡ ਨੰਬਰ-24 ਵਿੱਚ ਅਤੇ ਤੀਜਾ ਜ਼ੀਰਕਪੁਰ ਫਲਾਈਵਰ ਦੇ ਹੇਠਾਂ ਸਥਿਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੈਣ ਬਸੇਰਿਆਂ ਵਿੱਚ ਪਾਣੀ, ਬਿਜਲੀ, ਪਖਾਨੇ ਅਤੇ ਬਿਸਤਰਿਆਂ ਵਰਗੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ।
ਹੋਰ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਰੈਣ ਬਸੇਰਾ ਬਨੂੜ (ਨਗਰ ਕੌਂਸਲ ਦਫ਼ਤਰ ਵਾਰਡ ਨੰਬਰ-6), ਤਿੰਨ ਬਨੂੜ (ਲਾਇਬ੍ਰੇਰੀ ਅਨਾਜ ਮੰਡੀ ਰੋਡ ਵਾਰਡ ਨੰਬਰ-18, ਤਹਿਸੀਲ ਕੰਪਲੈਕਸ ਵਾਰਡ ਨੰਬਰ-14 ਦੇ ਸਾਹਮਣੇ ਅਤੇ ਫਾਇਰ ਬ੍ਰਿਗੇਡ ਦਫ਼ਤਰ ਵਾਰਡ ਨੰਬਰ-5), ਇਕ ਨਯਾਗਾਓਂ (ਆਦਰਸ਼ ਨਗਰ), ਦੋ ਖਰੜ (ਧਰਮਸ਼ਾਲਾ ਪਿੰਡ ਫਤਹਿਉੱਲਾਪੁਰ, ਮਿਊਂਸਿਪਲ ਸਟੇਡੀਅਮ ਦਰਪਨ ਸਿਟੀ ਰੋਡ), ਇਕ ਕੁਰਾਲੀ (ਨਗਰ ਕੌਂਸਲ ਦਫ਼ਤਰ) ਅਤੇ ਤਿੰਨ ਲਾਲੜੂ (ਨਗਰ ਕੌਂਸਲ ਦਫ਼ਤਰ, ਕਮਿਊਨਿਟੀ ਸੈਂਟਰ ਦੱਪਰ ਅਤੇ ਕਮਿਊਨਿਟੀ ਸੈਂਟਰ ਡਹਿਰ) ਵਿੱਚ ਬਣਾਏ ਗਏ ਹਨ। ਸ੍ਰੀ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬਣਾਏ ਗਏ ਰੈਣ ਬਸੇਰਿਆਂ ਦੀ ਕੁੱਲ ਸਮਰੱਥਾ 130 ਵਿਅਕਤੀਆਂ ਦੀ ਹੈ, ਜਿਨ੍ਹਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
(ਬਾਕਸ ਆਈਟਮ)
ਮੁਹਾਲੀ ਵਿੱਚ ਰੈਣ ਬਸੇਰੇ ਵਿੱਚ ਰਹਿ ਰਹੇ ਵਿਅਕਤੀਆਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਬਹੁਤ ਖ਼ੁਸ਼ ਹਨ। ਇੱਥੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਬਾਥਰੂਮਾਂ ਵਿੱਚ ਗੀਜਰ ਲੱਗੇ ਹੋਏ ਹਨ। ਇੱਥੇ ਰਹਿ ਰਹੇ ਪਤੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਪਿਛਲੇ ਇਕ ਮਹੀਨੇ ਤੋਂ ਰਹਿ ਰਹੇ ਹਨ। ਕਿਉਂਕਿ ਪੀਜੀਆਈ ਵਿੱਚ ਮਰੀਜ਼ ਤੋਂ ਬਿਨਾਂ ਪਰਿਵਾਰਕ ਮੈਂਬਰਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ। ਇਕ ਅੌਰਤ ਨੇ ਦੱਸਿਆ ਕਿ ਉਹ ਦਿਲ ਦੇ ਰੋਗ ਦੀ ਮਰੀਜ਼ ਹੈ ਪ੍ਰੰਤੂ ਇੱਥੇ ਉਸ ਨੂੰ ਘਰ ਵਰਗਾ ਮਾਹੌਲ ਮਿਲ ਰਿਹਾ ਹੈ, ਉਹ ਇੱਥੇ ਆਪਣਾ ਖਾਣਾ ਖ਼ੁਦ ਵੀ ਤਿਆਰ ਕਰ ਸਕਦੇ ਹਨ, ਰਸੋਈ ਦੀ ਵਿਵਸਥਾ ਹੈ। ਉਹ ਇੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…