ਵਿਜੀਲੈਂਸ ਬਿਊਰੋ ਵੱਲੋਂ 3.50 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਗ੍ਰਿਫ਼ਤਾਰ

ਐਸਐਮਓ ਡਾ. ਸੁਮਿਤ ਸਿੰਘ ਸਮੇਤ ਹੋਰਨਾਂ ਵਿਅਕਤੀਆਂ ਦੀ ਸ਼ੱਕੀ ਭੂਮਿਕਾ ਦੀ ਜਾਂਚ ਆਰੰਭੀ

ਨਬਜ਼-ਏ-ਪੰਜਾਬ, ਮੁਹਾਲੀ, 4 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਰਈਆ (ਅੰਮ੍ਰਿਤਸਰ) ਦੇ ਵਸਨੀਕ ਇੱਕ ਪ੍ਰਾਈਵੇਟ ਹੋਮਿਓਪੈਥਿਕ ਡਾਕਟਰ ਅਰਵਿੰਦ ਕੁਮਾਰ ਨੂੰ ਤਰਨਤਾਰਨ ਵਿੱਚ 3.50 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਡਾਕਟਰ ਦੇ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1 ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਵੱਲੋਂ ਇਹ ਕਾਰਵਾਈ ਪਾਤੜਾਂ (ਪਟਿਆਲਾ) ਦੇ ਵਸਨੀਕ ਅਸ਼ੋਕ ਕੁਮਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਐਸਐਮਓ ਡਾ. ਸੁਮਿਤ ਸਿੰਘ ਅਤੇ ਹੋਰ ਵਿਅਕਤੀਆਂ ਦੀ ਸ਼ੱਕੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਸ਼ਿਕਾਇਤ ਅਨੁਸਾਰ ਡਾ. ਅਰਵਿੰਦ ਕੁਮਾਰ ਨੇ ਸ਼ੁਰੂ ਵਿੱਚ ਡਾ. ਸੁਮਿਤ ਸਿੰਘ, ਜੋ ਇਸ ਸਮੇਂ ਮਾਨਾਂਵਾਲਾ, ਅੰਮ੍ਰਿਤਸਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ (ਐਸਐਸਓ) ਵਜੋਂ ਸੇਵਾ ਨਿਭਾ ਰਿਹਾ ਹੈ, ਦੀ ਤਰਫ਼ੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਹ ਰਿਸ਼ਵਤ ਕਥਿਤ ਤੌਰ ’ਤੇ ਇੱਕ ਅਦਾਲਤੀ ਕੇਸ ਵਿੱਚ ਸ਼ਿਕਾਇਤਕਰਤਾ ਦੇ ਹੱਕ ਵਿੱਚ ਡਾ. ਸੁਮਿਤ ਸਿੰਘ ਦੀ ਗਵਾਹੀ ਦੇਣ ਦੇ ਇਵਜ਼ ਵਿੱਚ ਸੀ। ਬਾਅਦ ਵਿੱਚ ਸੌਦਾ 3.50 ਲੱਖ ਰੁਪਏ ਵਿੱਚ ਤੈਅ ਹੋ ਗਿਆ।
ਵਿਜੀਲੈਂਸ ਅਨੁਸਾਰ ਇਹ ਮਾਮਲਾ ਐਸਐਮਓ ਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪਾਤੜਾਂ ਥਾਣੇ ਵਿੱਚ ਪੀਐਨਡੀਟੀ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਅਸ਼ੋਕ ਕੁਮਾਰ ਅਤੇ ਹੋਰਨਾਂ ਵਿਰੁੱਧ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ। ਡਾ. ਸੁਮਿਤ ਸਿੰਘ ਇਸ ਮਾਮਲੇ ਵਿੱਚ ਮੁੱਖ ਗਵਾਹ ਹਨ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਤਰਨਤਾਰਨ ਵਿੱਚ ਡਾ. ਅਰਵਿੰਦ ਕੁਮਾਰ, ਜੋ ਸਰਹੱਦੀ ਖੇਤਰ ਦੇ ਵਸਨੀਕਾਂ ਦੀ ਭਲਾਈ, ਖਾਸ ਕਰਕੇ ਦਾਜ ਦੇ ਮਾਮਲਿਆਂ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਇੱਕ ਰਾਸ਼ਟਰੀ ਪੱਧਰ ਦੀ ਕਮੇਟੀ, ‘ਸਰਹੱਦੀ ਲੋਕ ਸੇਵਾ ਸਮਿਤੀ’ ਦੇ ਦਫ਼ਤਰ ਵਿੱਚ ਮੌਜੂਦ ਸਨ, ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਕੋਲੋਂ 3.50 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ ਆਡੀਓ ਰਿਕਾਰਡਿੰਗਾਂ ਨੇ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਕੀਤੀ ਹੈ, ਜਿਸ ਕਾਰਨ ਮੁਲਜ਼ਮ ਡਾਕਟਰ ਦੀ ਗ੍ਰਿਫ਼ਤਾਰੀ ਸੰਭਵ ਹੋਈ ਹੈ।

Load More Related Articles
Load More By Nabaz-e-Punjab
Load More In General News

Check Also

ਅੱਠਵੀਂ ਦਾ ਨਤੀਜਾ: ਸਰਕਾਰੀ ਸਕੂਲ ਕਾਰਕੌਰ ਦੀ ਸਮਰਿਤੀ ਵਰਮਾ ਮੁਹਾਲੀ ਜ਼ਿਲ੍ਹੇ ’ਚੋਂ ਅੱਵਲ

ਅੱਠਵੀਂ ਦਾ ਨਤੀਜਾ: ਸਰਕਾਰੀ ਸਕੂਲ ਕਾਰਕੌਰ ਦੀ ਸਮਰਿਤੀ ਵਰਮਾ ਮੁਹਾਲੀ ਜ਼ਿਲ੍ਹੇ ’ਚੋਂ ਅੱਵਲ ਨਬਜ਼-ਏ-ਪੰਜਾਬ, ਮੁ…