
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਹੱਥਾਂ ਨਾਲ ਬਣਾਏ ਦੀਵੇ ਤੇ ਮੋਮਬੱਤੀਆਂ ਨਾਲ ਜਗਮਗਾਉਣਗੇ ਘਰ ਤੇ ਬਨੇਰੇ
ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਹੱਥੀਂ ਕਿਰਤ ਕਰਨ ਦੀ ਦਿੱਤੀ ਸਿਖਲਾਈ ਸ਼ਲਾਘਾਯੋਗ: ਡੀਜੀਐਸਈ ਪ੍ਰਦੀਪ ਅਗਰਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਇਨੋਵੇਟਿਵ ਐਕਸਕਲੂਸਿਵ ਐਜੂਕੇਸ਼ਨ ਪ੍ਰੋਗਰਾਮ (ਆਈਈਵੀ) ਤਹਿਤ ਪੰਜਾਬ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਮੋਮਬੱਤੀਆਂ, ਦੀਵੇ ਅਤੇ ਹੋਰ ਸਜਾਵਟੀ ਸਮੱਗਰੀ ਦੀ ਅੱਜ ਸਕੂਲ ਬੋਰਡ ਕੰਪਲੈਕਸ ਵਿਖੇ ਸਟਾਲ ਲਗਾਏ ਗਏ। ਜਿਸ ਦਾ ਉਦਘਾਟਨ ਡੀਜੀਐਸਈ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਖ਼ਰੀਦ ਅਤੇ ਹੌਸਲਾ ਅਫ਼ਜ਼ਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਇਨ੍ਹਾਂ ਦੀਵਿਆਂ, ਮੋਮਬੱਤੀਆਂ ਨਾਲ ਘਰ ਅਤੇ ਬਨੇਰੇ ਖੂਬ ਜਗਮਗਾਉਣਗੇ।
ਇਸ ਮੌਕੇ ਆਈਈਡੀ ਵਿੰਗ ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਦੀਵਾਲੀ ਮੌਕੇ ਇਹ ਸਟਾਲਾਂ ਲਗਾਈਆਂ ਜਾਂਦੀਆਂ ਹਨ। ਇਸ ਨਾਲ ਜਿੱਥੇ ਬੱਚਿਆਂ ਦਾ ਮਨੋਰੰਜਨ ਹੁੰਦਾ ਹੈ, ਉੱਥੇ ਉਨ੍ਹਾਂ ਦੇ ਮਾਪਿਆਂ ਦਾ ਵੀ ਮਾਣ ਵਧਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਹੱਥੀਂ ਤਿਆਰ ਕੀਤੇ ਗਏ ਸਮਾਨ ਦੀ ਅੱਜ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰੋਗਰਾਮ ਵਿੱਚ ਮੁਹਾਲੀ ਸਮੇਤ ਪਟਿਆਲਾ, ਫਤਹਿਗੜ੍ਹ ਸਾਹਿਬ, ਰੂਪਨਗਰ, ਪਠਾਨਕੋਟ, ਲੁਧਿਆਣਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਇਨਕਲਿਊਸਿਵ ਐਜੂਕੇਸ਼ਨ ਰਿਸੋਰਸ ਟੀਚਰ (ਆਈਈਆਰਟੀਜ਼) ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਬਣਾਏ ਗਏ ਸਮਾਨ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਹੱਥੀ ਤਿਆਰ ਕੀਤੀਆਂ ਵੱਖ-ਵੱਖ ਡਿਜ਼ਾਇਨਾਂ ਦੀਆਂ ਮੋਮਬੱਤੀਆਂ, ਦੀਵੇ, ਗਰੀਟਿੰਗ ਕਾਰਡਾਂ, ਪੇਂਟਿੰਗਾਂ, ਸ਼ਗਨ ਦੇ ਲਿਫ਼ਾਫ਼ਿਆਂ, ਬੁਗਨੀਆਂ, ਪੈਨਸਿਲ ਕਿੱਟਾਂ ਅਤੇ ਹੋਰ ਸਮੱਗਰੀ ਨੂੰ ਪਸੰਦ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਲਜਿੰਦਰ ਸਿੰਘ, ਸਟੇਟ ਸ਼ਪੈਸ਼ਲ ਐਜੂਕੇਟਰ ਨਿਧੀ ਗੁਪਤਾ, ਸਟੇਟ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਵੱਖ-ਵੱਖ ਜ਼ਿਲ੍ਹਿਆਂ ਦੇ ਆਈਈਡੀ ਇੰਚਾਰਜਾਂ ਡੀਐੱਸਈ/ਡੀਐੱਸਈਟੀ ਅਤੇ ਆਈਈਆਰਟੀਜ਼ ਵੀ ਹਾਜ਼ਰ ਸਨ।