
ਕੌਂਸਲਰ ਉਮੀਦਵਾਰ ਰਾਜਬੀਰ ਕੌਰ ਗਿੱਲ, ਕੁਲਦੀਪ ਕੌਰ ਧਨੋਆ ਤੇ ਸਮਾਜ ਸੇਵੀ ਧਨੋਆ ਦਾ ਵਿਸ਼ੇਸ਼ ਸਨਮਾਨ
ਚੰਗੀ ਲੀਡਰਸ਼ਿਪ ਦੀ ਘਾਟ ਕਾਰਨ ਅਕਾਲੀ ਦਲ (ਬਾਦਲ) ਦੀ ਨਮੋਸ਼ੀ ਭਰੀ ਹਾਰ ਹੋਈ: ਕੈਪਟਨ ਸਿੱਧੂ
ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਅਤੇ ਭਾਜਪਾ ਦਾ ਮੁਕੰਮਲ ਸਫਾਇਆ ਹੋਣਾ ਤੈਅ:
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵੱਲੋਂ ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਆਜ਼ਾਦ ਕੌਂਸਲਰ ਉਮੀਦਵਾਰ ਬੀਬਾ ਰਾਜਵੀਰ ਕੌਰ ਗਿੱਲ ਅਤੇ ਬੀਬੀ ਕੁਲਦੀਪ ਕੌਰ ਧਨੋਆ ਸਮੇਤ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡੈਮੋਕ੍ਰੇਟਿਕ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਤੇ ਸੇਵਾਮੁਕਤ ਆਈਏਐਸ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਚੋਣ ਜਿੱਤਣ ’ਤੇ ਬੀਬੀ ਗਿੱਲ ਅਤੇ ਬੀਬੀ ਧਨੋਆ ਅਤੇ ਸ੍ਰੀ ਧਨੋਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਤੜਕੇ ਹੋ ਕੇ ਲੋਕ ਭਲਾਈ ਦੇ ਕੰਮ ਅਤੇ ਸ਼ਹਿਰ ਦੀ ਤਰੱਕੀ ਲਈ ਉਪਰਾਲੇ ਕਰਨ ਲਈ ਪ੍ਰੇਰਿਆ।
ਇਸ ਮੌਕੇ ਕੈਪਟਨ ਸਿੱਧੂ ਨੇ ਜੇਤੂ ਆਜ਼ਾਦ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਚੰਗੇ ਅਕਸ ਵਾਲੇ ਉਮੀਦਵਾਰ ਚੋਣ ਹਾਰ ਗਏ ਹਨ, ਉਨ੍ਹਾਂ ਨੂੰ ਮਾਯੂਸ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਕਾਂਗਰਸ ਨੇ ਇਹ ਚੋਣਾਂ ਸਰਕਾਰੀ ਤੰਤਰ ਅਤੇ ਧੱਕੇਸ਼ਾਹੀ ਕਰਕੇ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀ ਸਰਕਾਰ ਦੀ ਘਟੀਆ ਕਾਰਜ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਅਤੇ ਇਹ ਵੀ ਭਲੀਭਾਂਤ ਜਾਣਦੇ ਹਨ ਕਿ ਪਿਛਲੇ ਸਮੇਂ ਵਿੱਚ ਸ਼ਹਿਰ ਦਾ ਵਿਕਾਸ ਕਿਸ ਨੇ ਕੀਤਾ ਹੈ। ਨਿਗਮ ਚੋਣਾਂ ਵਿੱਚ ਕੀਤੀ ਧੱਕੇਸ਼ਾਹੀ ਦਾ ਨਤੀਜਾ ਕਾਂਗਰਸ ਨੂੰ ਵਿਧਾਨ ਸਭਾ ਵਿੱਚ ਭੁਗਤਨਾ ਪਵੇਗਾ।
ਕੈਪਟਨ ਸਿੱਧੂ ਨੇ ਕਿਹਾ ਕਿ ਜਿੱਥੇ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਕਾਲੇ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਕਾਰਨ ਨਿਰਾਸ਼ਾਜਨਕ ਹਾਰ ਦਾ ਮੂੰਹ ਦੇਖਣਾ ਪਿਆ ਹੈ, ਉੱਥੇ ਅਕਾਲੀ ਦਲ (ਬਾਦਲ) ਨੂੰ ਚੰਗੀ ਲੀਡਰਸ਼ਿਪ ਦੀ ਘਾਟ ਹੋਣ ਦਾ ਖ਼ਮਿਆਜ਼ਾ ਭੁਗਤਨਾ ਪਿਆ ਹੈ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਸ਼ਾਸਨ ਚਲਾਉਣ ਵਾਲੀਆਂ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਲੋਕਾਂ ਨੇ ਸਿਆਸਤ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਅਤੇ ਭਾਜਪਾ ਦਾ ਮੁਕੰਮਲ ਸਫਾਇਆ ਹੋਣਾ ਤੈਅ ਹੈ।
ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਕਲੇਰ, ਬੀਬੀ ਮਨਦੀਪ ਕੌਰ ਸਿੱਧੂ, ਸ਼ਹਿਰੀ ਇਕਾਈ ਦੇ ਕਆਰਡੀਨੇਟਰ ਡਾ. ਮੇਜਰ ਸਿੰਘ, ਬਲਜੀਤ ਸਿੰਘ, ਪ੍ਰੀਤ ਸੱਗੂ, ਸੁਮਿੱਤ ਗਿੱਲ, ਪ੍ਰਭਜੋਤ ਸਿੰਘ ਕਲੇਰ ਸਮੇਤ ਹੋਰ ਸਰਗਰਮ ਵਰਕਰ ਮੌਜੂਦ ਸਨ।