ਡਿਊਟੀ ਦੌਰਾਨ ਇਮਾਨਦਾਰੀ ਦਿਖਾਉਣ ਲਈ ਹੈੱਡ ਕਾਂਸਟੇਬਲ ਦਾ ਸਨਮਾਨ

ਏਡੀਜੀਪੀ ਏਐਸ. ਰਾਏ ਨੇ ਰਿਸ਼ਵਤ ਦੀ ਪੇਸ਼ਕਸ਼ ਠੁਕਰਾਉਣ ਲਈ ਟ੍ਰੈਫਿਕ ਵਿੰਗ ਮਾਨਸਾ ਵਿਖੇ ਤਾਇਨਾਤ ਹੈੱਡ ਕਾਂਸਟੈਬਲ ਦਾ ਕੀਤਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਪ੍ਰੈਲ:
ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ) ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਵੀਰਵਾਰ ਨੂੰ ਮਾਨਸਾ ਜਿ਼ਲ੍ਹਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਦਿੱਤੀ ਰਿਸ਼ਵਤ ਦੀ ਪੇਸ਼ਕਸ਼ ਨੂੰ ਠੁਕਰਾਉਣ ਲਈ ਪ੍ਰਸ਼ੰਸਾ ਪੱਤਰ (ਕਲਾਸ-1) ਪ੍ਰਦਾਨ ਕੀਤਾ। ਜਿ਼ਕਰਯੋਗ ਹੈ ਕਿ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਦਾ ਇੱਕ ਵੀਡੀਓ, ਜਿਸ ਵਿੱਚ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵੱਲੋਂ ਚਲਾਨ ਨਾ ਕੱਟੇ ਜਾਣ ਬਦਲੇ 200 ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਨਜ਼ਰ ਆ ਰਿਹਾ ਸੀ, ਸੋਸ਼ਲ ਮੀਡੀਆ `ਤੇ ਵਾਇਰਲ ਹੋਇਆ ਸੀ। ਜਿਸ ਵਿੱਚ ਗੁਰਪ੍ਰੀਤ ਰਿਸ਼ਵਤ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਆਪਣੇ ਸੀਨੀਅਰ ਨੂੰ ਕਹਿ ਰਿਹਾ ਹੈ “ਜਨਾਬ, ਇਹਦੀ (ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਦੀ) ਵੀਡੀਓ ਬਣਾਓ, ਦੇਖੋ ਉਹ ਮੈਨੂੰ 200 ਰੁਪਏ ਰਿਸ਼ਵਤ ਦੇਣ ਦੀ ਕੋਸਿ਼ਸ਼ ਕਰ ਰਿਹਾ ਹੈ। ਅਸੀਂ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਏ ਗਰੁੱਪ ‘ਚ ਭੇਜਾਂਗੇ ਤਾਂ ਜੋ ਉਹਨਾਂ ਨੂੰ ਦਿਖਾ ਸਕੀਏ ਕਿ ਕਿਵੇਂ ਲੋਕ ਪੁਲਿਸ ਨੂੰ ਜ਼ਬਰਦਸਤੀ ਰਿਸ਼ਵਤ ਦੇਣ ਦੀ ਕੋਸਿ਼ਸ਼ ਕਰ ਰਹੇ ਨੇ, ”।
ਏਡੀਜੀਪੀ ਰਾਏ ਨੇ ਕਿਹਾ ਕਿ ਵਾਇਰਲ ਵੀਡੀਓ ਜਿਸ ਵਿੱਚ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਆਪਣੀ ਡਿਊਟੀ ਪ੍ਰਤੀ ਸਮਰਪਣ ਅਤੇ ਇਮਾਨਦਾਰੀ ਦਿਖਾਈ ਹੈ, ਦਾ ਨੋਟਿਸ ਲੈਂਦਿਆਂ ਉਨ੍ਹਾਂ ਨੇ ਗੁਰਪ੍ਰੀਤ ਦੇ ਨੇਕ ਕਾਰਜ ਅਤੇ ਸੁਹਿਰਦ ਭਾਵਨਾ ਨੂੰ ਸਨਮਾਨ ਅਤੇ ਹੌਸਲਾ-ਅਫ਼ਸਾਈ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪੁਲਿਸ ਕਰਮੀ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…