Nabaz-e-punjab.com

ਸ਼ਲਾਘਾਯੋਗ ਸੇਵਾਵਾਂ ਬਦਲੇ 69 ਸਕੂਲ ਮੁਖੀਆਂ ਤੇ ਅਧਿਆਪਕਾਂ ਦਾ ਸਨਮਾਨ

ਕ੍ਰਿਸ਼ਨ ਕੁਮਾਰ ਨੇ ਸੇਵਾਮੁਕਤ ਹੋਏ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਕਾਡਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਸੇਵਾਮੁਕਤ ਹੋਣ ਵਾਲੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਅੱਜ ਇੱਥੇ ਸਿੱਖਿਆ ਭਵਨ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੰਬਰ ਅਤੇ ਦਸੰਬਰ ਵਿੱਚ ਸੇਵਾਮੁਕਤ ਹੋਣ ਵਾਲੇ ਸਕੂਲ ਮੁਖੀਆਂ ਸਮੇਤ ਵੱਖ-ਵੱਖ ਕਾਡਰਾਂ ਦੇ 69 ਅਧਿਆਪਕਾਂ ਨੂੰ ਸੇਵਾਮੁਕਤੀ ’ਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ। ਸਿੱਖਿਆ ਵਿਭਾਗ ਵੱਲੋਂ ਸਨਮਾਨਿਤ ਹੋਏ ਕਰਮਚਾਰੀਆਂ ਵਿੱਚ 4 ਪ੍ਰਿੰਸੀਪਲ, 5 ਹੈੱਡ ਮਾਸਟਰ/ ਮਿਸਟੈੱ੍ਰਸ, 11 ਲੈਕਚਰਾਰ, 1 ਵੋਕੇਸ਼ਨਲ ਲੈਕਚਰਾਰ, 30 ਮਾਸਟਰ/ਮਿਸਟੈੱ੍ਰਸ, 1 ਡੀਪੀਈ, 4 ਪੀਟੀਆਈ, 9 ਆਰਟ ਐਂਡ ਕਰਾਫ਼ਟ ਟੀਚਰ, 3 ਹੈੱਡ ਟੀਚਰ ਅਤੇ 1 ਜੇਬੀਟੀ ਅਧਿਆਪਕ ਸ਼ਾਮਲ ਸਨ।
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਸੇਵਾ ਮੁਕਤੀ ਦਾ ਨਾਮ ਜ਼ਿੰਦਗੀ ਦੀ ਖੜੋਤ ਨਹੀਂ ਹੈ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਸੇਵਾਮੁਕਤੀ ਤੋਂ ਬਾਅਦ ਵੀ ਵਧੇਰੇ ਚੁਸਤ-ਦਰੁਸਤ ਰਹਿਣ, ਆਪਣੇ ਸਕੂਲਾਂ ਨਾਲ ਪਹਿਲਾਂ ਵਾਂਗ ਹੀ ਜੁੜੇ ਰਹਿਣ ਅਤੇ ਸਕਾਰਾਤਮਿਕ ਸੋਚ ਅਪਣਾਉਣ ਲਈ ਕਿਹਾ। ਉਨ੍ਹਾਂ ਨੇ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੁਆਰਾ ਆਪਣੀ ਸੇਵਾ ਦੌਰਾਨ ਗੁਣਾਤਮਿਕ ਸਿੱਖਿਆ ਲਈ ਕੀਤੇ ਕਾਰਜਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਸਨਮਾਨ ਕਰਨਾ ਵਿਭਾਗ ਦਾ ਫਰਜ਼ ਹੈ। ਇਸ ਮੌਕੇ ਐੱਸਸੀਈਆਰਟੀ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਵੀ ਸੇਵਾਮੁਕਤ ਹੋਏ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਸੇਵਾ ਮੁਕਤ ਹੋਏ ਕਮਲੇਸ਼ ਰਾਣੀ ਲੈਕਚਰਾਰ ਅਰਥ-ਸ਼ਾਸਤਰ ਨੇ ਸਿੱਖਿਆ ਵਿਭਾਗ ਦੁਆਰਾ ਸੇਵਾ ਮੁਕਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਵਿਸ਼ੇਸ਼ ਉੱਦਮ ਦੀ ਸਰਾਹਨਾ ਕੀਤੀ ਅਤੇ ਸਮੂਹ ਸੇਵਾਮੁਕਤ ਸਕੂਲ ਮੁਖੀਆਂ ਨੇ ਭਵਿੱਖ ਵਿੱਚ ਵੀ ਆਪਣੀ ਕਰਮ-ਭੂਮੀ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਅਹਿਦ ਲਿਆ। ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਸੰਜੀਵ ਭੂਸ਼ਨ, ਸੁਰੇਖਾ ਠਾਕੁਰ, ਅੰਮ੍ਰਿਤਜੀਤ ਸਿੰਘ ਅਤੇ ਸੇਵਾਮੁਕਤ ਹੋਣ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…