
ਨੀਟ ਪ੍ਰੀਖਿਆ ਵਿੱਚ ਉੱਚਾ ਰੈਂਕ ਹਾਸਲ ਕਰਕੇ ਵਾਲੇ ਅਭਿਜੈ ਸ਼ਰਮਾ ਦਾ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 7 ਅਗਸਤ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਨੀਟ ਦੀ ਪ੍ਰੀਖਿਆ ਵਿੱਚ ਵਧੀਆ ਰੈਂਕਿੰਗ ਨਾਲ ਮੈਰਿਟ ਵਿੱਚ ਆਉਣ ਵਾਲੇ ਇੱਥੋਂ ਦੇ ਫੇਜ਼-1 ਦਾ ਵਸਨੀਕ ਅਭਿਜੈ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਮੀਨਾ ਕੌਂਡਲ ਦੇ ਪਤੀ ਅਸ਼ੋਕ ਕੌਂਡਲ ਵੀ ਹਾਜ਼ਰ ਸਨ। ਅਭਿਜੈ ਨੇ ਸਰਕਾਰੀ ਜਨਰਲ ਹਸਪਤਾਲ ਤੇ ਕਾਲਜ ਸੈਕਟਰ-32 ਵਿੱਚ ਐਮਬੀਬੀਐਸ ਦੀ ਪੜ੍ਹਾਈ ਲਈ ਦਾਖ਼ਲਾ ਲੈਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਸ ਦਾ ਵੱਡਾ ਭਰਾ ਪਹਿਲਾਂ ਹੀ ਇਸੇ ਕਾਲਜ ਵਿੱਚ ਐਮਬੀਬੀਐਸ ਦੇ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਸ਼ਹਿਰ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ। ਨੀਟ ਪ੍ਰੀਖਿਆ ’ਚੋਂ ਅਭਿਜੈ ਸ਼ਰਮਾ ਨੇ 99.4 ਫੀਸਦੀ ਅੰਕ ਹਾਸਲ ਕਰਕੇ ਮੈਰਿਟ ਵਿੱਚ ਸਥਾਨ ਹਾਸਲ ਕਰਕੇ ਡਾਕਟਰੀ ਦੀ ਪੜ੍ਹਾਈ ਲਈ ਦਾਖ਼ਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਭਿਜੈ ਸ਼ਰਮਾ ਦੇ ਵੱਡੇ ਭਰਾ ਨੇ ਵੀ ਚਾਰ ਸਾਲ ਪਹਿਲਾਂ ਇਸੇ ਪ੍ਰੀਖਿਆ ਵਿੱਚ 99.7 ਫੀਸਦੀ ਅੰਕ ਹਾਸਲ ਕਰਕੇ ਇਸੇ ਕਾਲਜ ਵਿੱਚ ਦਾਖਲਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਮਾਪਿਆਂ ਦੀ ਅਣਥੱਕ ਮਿਹਨਤ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਅਭਿਜੈ ਦੇ ਪਿਤਾ ਸਮਾਜ ਸੇਵੀ ਹਨ ਜਦੋਂਕਿ ਮਾਤਾ ਅਧਿਆਪਕ ਹਨ। ਇਹ ਦੋਵੇਂ ਬੱਚੇ ਡਾਕਟਰ ਬਣ ਕੇ ਪੰਜਾਬ ਖਾਸ ਕਰਕੇ ਮੁਹਾਲੀ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਅਭਿਜੈ ਸ਼ਰਮਾ ਨੇ ਆਪਣੀ ਇਸ ਪ੍ਰਾਪਤੀ ਲਈ ਆਪਣੇ ਮਾਪਿਆਂ ਨੂੰ ਸਿਹਰਾ ਦਿੰਦੇ ਹੋਏ ਕਿਹਾ ਕਿ ਉਸ ਦਾ ਵੱਡਾ ਭਰਾ ਪਹਿਲਾਂ ਇਹ ਪ੍ਰੀਖਿਆ ਕਲੀਅਰ ਕਰ ਚੁੱਕਾ ਹੈ ਅਤੇ ਉਨ੍ਹਾਂ ਨੇ ਹੀ ਉਸ ਨੂੰ ਮੈਡੀਕਲ ਸਿੱਖਿਆ ਲਈ ਪ੍ਰੇਰਿਆ ਸੀ।
ਉਨ੍ਹਾਂ ਦੇ ਪਿਤਾ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਉਸ ਦੇ ਦੋਵੇਂ ਬੱਚੇ ਸਖ਼ਤ ਮਿਹਨਤ ਕਰਕੇ ਸਫਲਤਾ ਦੀ ਪੌੜੀ ਚੜ੍ਹੇ ਹਨ। ਮਾਤਾ ਅਰਚਨਾ ਸ਼ਰਮਾ ਨੇ ਕਿਹਾ ਕਿ ਉਹ ਇੱਕ ਅਧਿਆਪਕ ਹਨ ਅਤੇ ਆਪਣਾ 100 ਫੀਸਦੀ ਧਿਆਨ ਬੱਚਿਆਂ ਨੂੰ ਦਿੰਦੇ ਹਨ, ਠੀਕ ਉਸੇ ਤਰ੍ਹਾਂ ਪ੍ਰਮਾਤਮਾ ਨੇ ਉਨ੍ਹਾਂ ਦੇ ਬੱਚਿਆਂ ਨੂੰ ਮਿਹਨਤ ਦਾ ਫਲ ਦਿੱਤਾ ਹੈ।