
ਇਸਤਰੀ ਅਕਾਲੀ ਦਲ ਮੁਹਾਲੀ ਦੀ ਨਵ-ਨਿਯੁਕਤ ਪ੍ਰਧਾਨ ਮਨਮੀਤ ਕੌਰ ਲੀਮਾ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੱਲ੍ਹ ਨਗਰ ਨਿਗਮ ਚੋਣਾਂ ਦੌਰਾਨ ਚੋਣ ਰੈਲੀਆਂ ਮੌਕੇ ’ਤੇ ਅਹਿਮ ਫੈਸਲਾ ਲੈਂਦਿਆਂ ਬੀਬੀ ਮਨਮੀਤ ਕੌਰ ਲੀਮਾ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ ਕਾਰਪੋਰੇਸ਼ਨ ਏਰੀਆ) ਦੀ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲ੍ਹਾ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਪਹਿਲਾਂ ਹੀ ਐਲਾਨੇ ਹੋਏ ਹਨ। ਬੀਬੀ ਲੀਮਾ ਜੋ ਸੋਸ਼ਲ ਕੰਮਾਂ ਤੋਂ ਬਾਅਦ ਵਿੱਚ ਪਹਿਲੀ ਵਾਰ 2000 ਵਿੱਚ ਮਿਉਂਸਪਲ ਚੋਣਾਂ ਵੀ ਲੜ ਚੁੱਕੇ ਹਨ। ਪਾਰਟੀ ਵੱਲੋਂ ਪਹਿਲਾ ਵੀ ਉਨ੍ਹਾਂ ਨੂੰ ਮੁਹਾਲੀ ਸ਼ਹਿਰ ਦਾਪ੍ਰਧਾਨ ਲਾਇਆ ਗਿਆ ਸੀ ਉਸ ਸਮੇ ਪਾਰਟੀ ਪ੍ਰਤੀ ਕੀਤੇ ਕੰਮਾਂ ਨੂੰ ਦੇਖਦੇ ਹੋਏ ਅੱਜ ਫਿਰ ਜਦੋਂ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਬੀਬੀ ਲੀਮਾ ਨੂੰ ਦੂਜੀ ਵਾਰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।
ਬੀਤੇ ਕੱਲ੍ਹ ਮੁਹਾਲੀ ਸ਼ਹਿਰ ਦੀ ਫੇਰੀ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਮਨਮੀਤ ਲੀਮਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਤੇ ਬੀਬੀ ਲੀਮਾ ਨੂੰ ਹਦਾਇਤ ਕੀਤੀ ਕਿ ਚੋਣਾਂ ਤੋਂ ਬਾਅਦ ਪਹਿਲਾ ਸਰਕਲ ਪ੍ਰਧਾਨ ਤੇ ਫਿਰ ਵਾਰਡ ਪ੍ਰਧਾਨ ਲਾਕੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਇੱਥੇ ਇਹ ਵਰਨਣ ਯੋਗ ਹੈ ਕਿ ਕੁਲਵੰਤ ਧੜੇ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਹਿਲਾ ਵੀ ਪਾਰਟੀ ਜਥੇਬੰਦੀ ਲਈ ਅਹਿਮ ਫ਼ੈਸਲੇ ਲੈਂਦੇ ਹੋਏ ਯੂਥ ਵਿੰਗ ਵਿੱਚ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਨਿਯੁਕਤੀ ਕੀਤੀ ਅਤੇ ਫਿਰ ਕੈਪਟਨ ਰਮਨਦੀਪ ਸਿੰਘ ਬਾਵਾ ਦੀ ਨਿਯੁਕਤੀ ਤੋਂ ਬਾਅਦ ਇਸ ਨਿਯੁਕਤੀ ਨੂੰ ਵੀ ਮੁਹਾਲੀ ਸ਼ਹਿਰ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇੱਥੋਂ ਇਹ ਵੀ ਸਾਫ਼ ਲੱਗ ਰਿਹਾ ਹੈ ਕਿ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਪਾਰਟੀ ਨੇ ਮਨ ਬਣਾ ਲਿਆ ਹੈ।