
ਕੈਨੇਡਾ ਦੇ ਉਟਾਂਰੀਓ ਸੂਬੇ ਦੀ ਅਸੈਂਬਲੀ ਵਿੱਚ ਸ਼ਲਿੰਦਰ ਆਨੰਦ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਪਿਛਲੇ ਦਿਨੀਂ ਉਟਾਂਰੀਓ ਦੀ ਅਸੈਂਬਲੀ ਦੇ ਸੈਸ਼ਨ ਦੌਰਾਨ ਮਿਸ਼ੀਸਾਗਾ ਦੇ ਐਮਪੀਪੀ (ਵਿਧਾਇਕ) ਦੀਪਕ ਆਨੰਦ ਵੱਲੋਂ ਅਸੈਂਬਲੀ ਦੀ ਕਾਰਵਾਈ ਦੇਖਣ ਲਈ ਗਏ ਆਪਣੇ ਵੱਡੇ ਭਰਾ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਪੀਸੀਏ) ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਵੀਟੀ ਆਨੰਦ ਦੀ ਅਸੈਂਬਲੀ ਮੈਂਬਰਾਂ ਨਾਲ ਜਾਣ ਪਛਾਣ ਕਰਵਾਈ ਗਈ। ਇਸ ਮੌਕੇ ਉਟਾਂਰੀਓ ਅਸੈਂਬਲੀ ਦੇ ਪ੍ਰੀਮੀਅਰ (ਮੁੱਖ ਮੰਤਰੀ), ਸਪੀਕਰ ਅਤੇ ਅਸੈਂਬਲੀ ਵਿੱਚ ਮੌਜੂਦ ਸਮੂਹ ਵਿਧਾਇਕਾਂ ਨੇ ਤਾੜੀਆਂ ਮਾਰ ਕੇ ਆਨੰਦ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ੱੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਉਟਾਂਰੀਓ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸ੍ਰੀ ਆਨੰਦ ਨੂੰ ਆਪਣੇ ਦਫ਼ਤਰ ਬੁਲਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਆਪਣੀ ਕੁਰਸੀ ਤੇ ਬੈਠਾ ਕੇ ਉਨ੍ਹਾਂ ਨਾਲ ਯਾਦਗਾਰੀ ਤਸਵੀਰ ਖਿਚਵਾਈ ਗਈ। ਇਸ ਦੌਰਾਨ ਅਸੈਂਬਲੀ ਦੇ ਸਪੀਕਰ ਐਡ ਅਰਨਾਟ ਵੱਲੋਂ ਵੀ ਆਨੰਦ ਜੋੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੈਨੇਡਾ ਤੋਂ ਮੁਹਾਲੀ ਵਾਪਸ ਪਰਤੇ ਸ਼ਲਿੰਦਰ ਆਨੰਦ ਨੇ ਅੱਜ ਇੱਥੇ ਦੱਸਿਆ ਕਿ ਉਹ ਕੈਨੇਡਾ ਆਪਣੇ ਭਰਾ ਕੋਲ ਗਏ ਸਨ ਅਤੇ ਉਨ੍ਹਾਂ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕੈਨੇਡਾ ਵਿੱਚ ਉਨ੍ਹਾਂ ਦਾ ਇਸ ਤਰ੍ਹਾਂ ਮਾਨ ਸਨਮਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਛੋਟੇ ਭਰਾ ਦੀਪਕ ਆਨੰਦ 22 ਸਾਲ ਪਹਿਲਾਂ ਕੈਨੇਡਾ ਗਏ ਸਨ ਅਤੇ ਹੁਣ ਉਨ੍ਹਾਂ ਨੇ ਉੱਥੇ ਰਾਜਨੀਤੀ ਦੇ ਖੇਤਰ ਵਿੱਚ ਨਾਮ ਬਣਾ ਕੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ ਅਤੇ ਜਿਸ ’ਤੇ ਆਨੰਦ ਪਰਿਵਾਰ ਨੂੰ ਮਾਣ ਹੈ। ਇਸ ਮੌਕੇ ਕੈਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਮਹਿਮਾਨ ਨਿਵਾਜੀ ਦੀ ਮਿਸਾਲ ਪੇਸ਼ ਕੀਤੀ।