ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ

ਡੇਰਾਬੱਸੀ ਬਲਾਕ ਦੇ ਮਲਕਪੁਰ ਕਲਸਟਰ ਅਤੇ ਜੌਲਾਂ ਕਲਾਂ ਦਾ ਸਕੂਲ ਜ਼ਿਲ੍ਹੇ ਭਰ ’ਚੋਂ ਮੋਹਰੀ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਵਿੱਚ ਮੋਹਰੀ ਰਹੇ ਕਲਸਟਰ ਮੁਖੀਆਂ ਅਤੇ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਸਕੂਲ ਮੁਖੀਆਂ ਦਾ ਸਨਮਾਨ ਕਰਦਿਆਂ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਸਕੂਲਾਂ ਵਿੱਚ ਵਧਾਏ ਦਾਖ਼ਲੇ ਦੀ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਚਾਲੂ ਸੈਸ਼ਨ ਦੌਰਾਨ ਖੂਬ ਬੂਰ ਪਿਆ ਹੈ। ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੰਜਾਬ ਭਰ ਵਿਚੋਂ ਦੂਜੇ ਨੰਬਰ ’ਤੇ ਹੈ।
ਜ਼ਿਲ੍ਹੇ ਵਿੱਚ ਗਿਣਤੀ ਵਧਾਉਣ ਮੋਹਰੀ ਰਹਿਣ ਵਾਲੇ ਕਲਸਟਰ ਮੁਖੀਆਂ ਅਤੇ ਸਕੂਲ ਮੁਖੀਆਂ ਨੂੰ ਸਨਮਾਨਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਡਾ. ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ: ਬਲਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲੇ ਵਿੱਚ ਦਰਜ਼ ਕੀਤੇ ਵਾਧੇ ਸਬੰਧੀ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ 2021-22 ਦੌਰਾਨ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ 68242 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ 57114 ਸੀ। ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦਾ ਇਹ ਵਾਧਾ 19.48 ਫੀਸਦੀ ਹੈ। ਇਸ ਤਰ੍ਹਾਂ ਜ਼ਿਲ੍ਹਾ ਮੁਹਾਲੀ ਦਾਖ਼ਲਾ ਵਧਾਉਣ ਦੇ ਮਾਮਲੇ ਵਿੱਚ ਪੰਜਾਬ ਭਰ ਦੇ ਸਿਖਰਲੇ ਜ਼ਿਲ੍ਹਿਆਂ ਵਿੱਚ ਸ਼ੁਮਾਰ ਹੋ ਕੇ ਦੂਜੇ ਸਥਾਨ ’ਤੇ ਪੁੱਜਾ ਹੈ।
ਪ੍ਰਾਇਮਰੀ ਵਿੰਗ ਦੇ ਦਾਖ਼ਲਾ ਵਿੱਚ ਵਾਧਾ ਕਰਨ ਦੇ ਮਾਮਲੇ ਵਿੱਚ ਜ਼ਿਲ੍ਹੇ ਦਾ ਡੇਰਾਬਸੀ-2 ਬਲਾਕ 21.40 ਫੀਸਦੀ ਦਾ ਵਾਧਾ ਕਰਕੇ ਜ਼ਿਲ੍ਹੇ ਵਿੱਚ ਮੋਹਰੀ ਹੈ ਜਦਕਿ ਖਰੜ-1 ਬਲਾਕ 21.29 ਅਤੇ ਖਰੜ-3 ਬਲਾਕ 20.36 ਫੀਸਦੀ ਦੇ ਵਾਧੇ ਨਾਲ ਤੀਜੇ ਸਥਾਨ ’ਤੇ ਹੈ। ਦਾਖ਼ਲਾ ਵਧਾਉਣ ਦੇ ਮਾਮਲੇ ਵਿੱਚ ਜ਼ਿਲ੍ਹੇ ਦੇ ਕਲਸਟਰਾਂ ’ਚੋਂ ਸਰਕਾਰੀ ਮਲਕਪੁਰ ਕਲਸਟਰ 29.72 ਫੀਸਦੀ ਦੇ ਵਾਧੇ ਨਾਲ ਪਹਿਲੇ ਸਥਾਨ ’ਤੇ ਹੈ ਜਦਕਿ ਰੁੜਕੀ ਪੁਖ਼ਤਾ ਕਲਸਟਰ 29.38 ਫੀਸਦੀ ਵਾਧੇ ਨਾਲ ਦੂਜੇ ਅਤੇ ਬਾਕਰਪੁਰ ਕਲਸਟਰ 27.17 ਫੀਸਦੀ ਵਾਧੇ ਨਾਲ ਜ਼ਿਲ੍ਹੇ ’ਚੋਂ ਤੀਜੇ ਸਥਾਨ ’ਤੇ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਕੂਲਾਂ ’ਚੋਂ ਸਰਕਾਰੀ ਪ੍ਰਾਇਮਰੀ ਸਕੂਲ ਜੌਲਾਂ ਕਲਾਂ, ਪਨੇਸਰ, ਚੋਲਟਾ ਕਲਾਂ, ਪੜਛ, ਬਰਟਾਣਾ, ਰਜ਼ਾਪੁਰ, ਘੋਲੂਮਾਜਰਾ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮਾਮਲੇ ਵਿੱਚ ਮੋਹਰੀ ਸਕੂਲਾਂ ਵਿੱਚ ਸ਼ਾਮਲ ਹਨ।
ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਲਗਾਤਾਰ ਦੂਜੇ ਸਾਲ ਹੋਏ ਵੱਡੇ ਵਾਧੇ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਡਾ. ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਹਰ ਪੱਖੋਂ ਉੱਚਾ ਚੁੱਕਣ ਦੀ ਬਦੌਲਤ ਹੀ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਵੱਡਾ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਸ ਵਾਰ ਦਾਖ਼ਲਾ ਮੁਹਿੰਮ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚਲਾਈ ਹੋਈ ਹੈ।
ਵਿਭਾਗ ਵੱਲੋਂ ਜਿੱਥੇ ਰਵਾਇਤੀ ਸਾਧਨਾਂ ਨੁੱਕੜ ਨਾਟਕਾਂ, ਗੀਤਾਂ, ਮੇਲਿਆਂ, ਧਾਰਮਿਕ ਸਥਾਨਾਂ ਰਾਹੀਂ ਬੇਨਤੀਆਂ ਤੇ ਘਰ-ਘਰ ਜਾ ਕੇ, ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਟੀਵੀ, ਰੇਡੀਓ, ਸੋਸ਼ਲ ਮੀਡੀਆ, ਪੋਸਟਰਾਂ, ਪੈੱਫਲਿਟਾਂ ਤੇ ਫਲੈਕਸਾਂ ਰਾਹੀਂ ਵੀ ਪ੍ਰਚਾਰ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਗਿਆ। ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਦਿਖਾਉਣ ਲਈ ‘ਸਕੂਲ ਦਰਸ਼ਨ’ ਪ੍ਰੋਗਰਾਮ ਵੀ ਚਲਾਇਆ ਹੋਇਆ ਹੈ। ਇਸ ਮੁਹਿੰਮ ਸਦਕਾ ਹੀ ਨਿੱਜੀ ਸਕੂਲਾਂ ਤੋਂ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਚੱਲ ਰਿਹਾ ਹੈ। ਇਸ ਮੌਕੇ ਬੀਪੀਈਓ ਕਮਲਜੀਤ ਸਿੰਘ ਅਤੇ ਹੋਰ ਬੀਪੀਈਓ ਤੇ ਅਧਿਆਪਕ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…