ਸੀਜੀਸੀ ਕਾਲਜ ਝੰਜੇੜੀ ਵਿੱਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਹੋਣਹਾਰ ਅੌਰਤਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿੱਚ ਮਨਾਇਆ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਦੀ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਅਤੇ ਮਹਿਲਾ ਸ਼ਸ਼ਕਤੀਕਰਨ ਦੇ ਨਾਮ ਰਿਹਾ। ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਅਤੇ ਯੋਗਤਾ ਦੇ ਨਾਲ ਮਹਿਲਾ ਸ਼ਕਤੀਕਰਨ ਦੀ ਧਾਰਨਾ ਨੂੰ ਸਾਕਾਰ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਮੁਹਾਲੀ ਦੀ ਏਡੀਸੀ (ਜਨਰਲ) ਸ੍ਰੀਮਤੀ ਕੋਮਲ ਮਿੱਤਲ, ਅਕਾਂਕਸ਼ਾ ਸਰੀਨ ਅਦਾਕਾਰਾ ਤੇ ਮਾਡਲ, ਅੰਜੁਮ ਮੋਦਗਿੱਲ ਓਲੰਪੀਅਨ ਅਤੇ ਅਰਜੁਨ ਐਵਾਰਡੀ, ਰਾਮਪ੍ਰੀਤ ਕੌਰ, ਅੰਤਰਰਾਸ਼ਟਰੀ ਐਂਕਰ ਪੀਟੀਸੀ ਨਿਊਜ਼, ਆਰਜੇ ਕਸ਼ਿਸ਼ ਸ਼ਾਮਲ ਹਨ।
ਇਸ ਪ੍ਰੋਗਰਾਮ ਮਨਾਉਣ ਦਾ ਮੁੱਖ ਉਦੇਸ਼ ਵੀ ਅੌਰਤਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ, ਲਿੰਗ ਆਧਾਰਤ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੀਆਂ ਪਹਿਲਕਦਮੀਆਂ ਅਤੇ ਸਾਰੇ ਖੇਤਰਾਂ ਵਿੱਚ ਅੌਰਤਾਂ ਦੇ ਵਧੇਰੇ ਸ਼ਕਤੀਕਰਨ ਵੱਲ ਸਕਾਰਾਤਮਿਕ ਤਬਦੀਲੀ ਨੂੰ ਹੋਰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਇਨ੍ਹਾਂ ਮਹਾਨ ਹਸਤੀਆਂ ਨੇ ਆਪਣੇ ਵਿਚਾਰ ਹਾਜ਼ਰ ਇਕੱਠ ਨਾਲ ਸਾਂਝੇ ਕੀਤੇ।
ਏਡੀਸੀ ਕੋਮਲ ਮਿੱਤਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਇੱਕ ਅਫ਼ਰੀਕੀ ਕਹਾਵਤ ਨਾਲ ਜਾਗਰੂਕ ਕਰਦੇ ਹੋਏ ਕਿਹਾ ਕਿ ਜੇ ਅਸੀਂ ਇੱਕ ਲੜਕੇ ਨੂੰ ਪੜ੍ਹਾਉਂਦੇ ਹਾਂ ਤਾਂ ਅਸੀਂ ਇੱਕ ਵਿਅਕਤੀ ਨੂੰ ਸਿੱਖਿਅਤ ਕਰਦੇ ਹਾਂ। ਜੇਕਰ ਅਸੀਂ ਇੱਕ ਲੜਕੀ ਨੂੰ ਸਿੱਖਿਅਤ ਕਰਦੇ ਹਾਂ ਤਾਂ ਇੱਕ ਪਰਿਵਾਰ ਅਤੇ ਪੂਰੇ ਦੇਸ਼ ਨੂੰ ਸਿੱਖਿਅਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇੱਕ ਲੜਕੀ ਨੂੰ ਸਕੂਲ ਭੇਜਣ ਨਾਲ ਇਸ ਗੱਲ ਦੀ ਵੱਡੀ ਸੰਭਾਵਨਾ ਹੈ, ਅਗਲੀ ਪੀੜੀ ਨੂੰ ਵੀ ਸਿੱਖਿਅਤ ਕਰਨਾ। ਇਸ ਤਰ੍ਹਾਂ ਇੱਕ ਲੜਕੀ ਦੀ ਸਿੱਖਿਆ ਵਿੱਚ ਨਿਵੇਸ਼ ਕਰਨਾ ਇੱਕ ਦੇਸ ਵਿੱਚ ਨਿਵੇਸ਼ ਕਰਨਾ ਹੈ।
ਕੋਮਲ ਮਿੱਤਲ ਨੇ ਕਿਹਾ ਕਿ ਬੇਸ਼ੱਕ ਇਕ ਲੜਕੀ ਦੀ ਸਿੱਖਿਆ ਇਕ ਲੜਕੇ ਵਾਂਗ ਹੀ ਜ਼ਰੂਰੀ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਅੱਜ ਵੀ ਸਮਾਜ ਵਿੱਚ ਕਈ ਥਾਵਾਂ ’ਤੇ ਬੱਚੀਆਂ ਦੀ ਸਿੱਖਿਆ ਪ੍ਰਤੀ ਵਿਤਕਰਾ ਕਰਦੇ ਹਨ। ਅੱਜ ਵੀ ਹਰ ਤੀਜੀ ਅੌਰਤ ਵਿਚੋਂ ਇਕ ਅੌਰਤ ਆਪਣੇ ਜੀਵਨ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰਦੀ ਹੈ। ਇਨ੍ਹਾਂ ਸਾਰੇ ਕਾਰਨਾ ਵਿੱਚ ਕਿਤੇ ਨਾ ਕਿਤੇ ਉਨ੍ਹਾਂ ਨਾਲ ਜੁੜੇ ਮਰਦ ਦੇ ਅੰਦਰ ਮਰਦਾਨਗੀ ਦਾ ਅਹਿਮ ਛੁਪਿਆਂ ਹੋਣਾ ਹੁੰਦਾ ਹੈ। ਜਦ ਕਿ ਹਰ ਯੁੱਗ ਵਿਚ ਅੌਰਤ ਦੇ ਸਿੱਧ ਕਰ ਦਿੱਤਾ ਹੈ ਉਹ ਕਿਸੇ ਵੀ ਪੱਖੋਂ ਮਰਦ ਤੋਂ ਘੱਟ ਨਹੀ ਹੈ।
ਓਲੰਪੀਅਨ ਅਤੇ ਅਰਜੁਨ ਐਵਾਰਡੀ ਅੰਜੁਮ ਮੋਦਗਿੱਲ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਅੌਰਤ ਹੋਣ ਦਾ ਮਤਲਬ ਹੈ ਸਿਰਜਣ, ਪਾਲਨ ਪੋਸ਼ਣ ਅਤੇ ਪਰਿਵਰਤਨ ਕਰਨ ਦੀ ਸਕਤੀ ਦਾ ਪ੍ਰਤੀਕ ਹੋਣਾ। ਉਨ੍ਹਾਂ ਕਿਹਾ ਕਿ ਅੌਰਤ ਸ਼ਬਦ ਨਿਰਸਵਾਰਥ ਪਿਆਰ, ਦੇਖਭਾਲ ਅਤੇ ਸਨੇਹ ਦੇ ਚਿੱਤਰਾਂ ਨੂੰ ਉਜਾਗਰ ਕਰਦਾ ਹੈ। ਇਸੇ ਲਈ ਹਰ ਸਮਾਜ ਵਿੱਚ ਅੌਰਤਾਂ ਸਕਤੀ ਅਤੇ ਉਮੀਦ ਦੀ ਭਾਵਨਾ ਨੂੰ ਜਗਾਉਂਦੀਆਂ ਨਜ਼ਰ ਆਉਂਦੀਆਂ ਹਨ। ਪਰ ਇਹ ਵੀ ਬਦਕਿਸਮਤੀ ਹੈ ਕਿ ਦੁਨੀਆ ਭਰ ਵਿੱਚ ਅੌਰਤਾਂ ਨੂੰ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਦੀ ਰੱਖਿਆ ਲਈ ਲੜਨਾ ਪਿਆ। ਦਹਾਕਿਆਂ ਤੋਂ ਅੌਰਤਾਂ ਆਪਣੇ ਬੋਲਣ ਦੇ ਅਧਿਕਾਰ, ਵੋਟ, ਬਰਾਬਰੀ, ਸਿੱਖਿਆ, ਆਮਦਨ ਅਤੇ ਸਭ ਤੋਂ ਮਹੱਤਵਪੂਰਨ ਆਜ਼ਾਦੀ ਦੇ ਅਧਿਕਾਰ ਨੂੰ ਪ੍ਰਗਟ ਕਰਨ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਬਦਕਿਸਮਤੀ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਹੈ। ਇਸ ਅੌਰਤ ਮਰਦ ਦੇ ਵਿਚਕਾਰਲੇ ਫ਼ਰਕ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ।
ਅਕਾਂਕਸ਼ਾ ਸਰੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਕ ਮਜ਼ਬੂਤ ਅੌਰਤ ਹੋਣ ਦਾ ਮਤਲਬ ਹੈ ਕਿ ਉਹ ਉਹੀ ਬਣੀ ਹੈ ਜਿਸ ਦੀ ਉਹ ਹੱਕਦਾਰ ਸੀ। ਇਸ ਹੱਕ ਤੇ ਪਹੁੰਚਣ ਲਈ ਉਸ ਨੂੰ ਇਕ ਮਰਦ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਪਰ ਇਕ ਕੰਮਕਾਜੀ ਅੌਰਤ ਇਕ ਮਾਂ, ਇਕ ਬੇਟੀ, ਇਕ ਨੂੰਹ ਹੋਣ ਕਰਕੇ ਅੱਜ ਵੀ ਬਾਹਰੋਂ ਮਰਦ ਦੇ ਬਰਾਬਰ ਕੰਮ ਕਰਕੇ ਆਉਣ ਤੋਂ ਬਾਅਦ ਵੀ ਘਰ ਆਕੇ ਫਿਰ ਘਰੇਲੂ ਕੰਮ ਕਰਨ ਲਈ ਮਜਬੂਰ ਹੈ। ਜੇਕਰ ਉਹ ਘਰੇਲੂ ਕੰਮ ਕਰਦੇ ਹੋਏ ਥੱਕੇ ਹੋਣ ਲਈ ਵੀ ਕਹੇ ਤਾਂ ਉਸ ਨੂੰ ਸੁਆਰਥੀ ਅਤੇ ਬੇਸਬਰੇ ਕਿਹਾ ਜਾਵੇਗਾ’’। ਇੱਕ ਮਜ਼ਬੂਤ ਅੌਰਤ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਪਿਆਰ ਕਰਨਾ। ਜਦੋਂ ਬਾਕੀ ਸਮਾਜ ਅੌਰਤ ਦੀ ਪਹਿਚਾਣ ਉਸ ਦੀ ਸਰੀਰਕ ਬਣਤਰ ਲੰਬੀ, ਛੋਟੀ, ਗੋਰੀ, ਕਾਲੀ, ਪਤਲੀ ਮੋਟੀ ਤੱਕ ਸੀਮਤ ਰੱਖਣਾ ਚਾਹੁੰਦਾ ਹੈ।
ਰਾਮਪ੍ਰੀਤ ਕੌਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਅੱਠ ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਅਸੀਂ ਅੌਰਤਾਂ ਦੀਆਂ ਸ਼ਾਨਦਾਰ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ। ਪਰ ਇਹ ਦਿਨ ਉਸ ਹਰ ਮਾਂ, ਭੈਣ,ਪਤਨੀ,ਧੀ ਸਮੇਤ ਹਰ ਅੌਰਤ ਨੂੰ ਸਮਰਪਿਤ ਹੈ ਜੋ ਸਾਰਾ ਸਾਲ ਬਿਨਾ ਕਿਸੇ ਤਨਖ਼ਾਹ ਦੇ ਸਾਡਾ ਪਾਲਨ ਪੋਸ਼ਣ ਕਰਦੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਉਨ੍ਹਾਂ ਰਿਸ਼ਤਿਆਂ ਨੂੰ ਪਿਆਰ, ਸਤਿਕਾਰ ਅਤੇ ਪ੍ਰਸੰਸਾ ਵਿਚ ਵਾਪਸ ਦੇਣ ਦਾ ਮੌਕਾ ਹੈ।
ਇਸ ਮੌਕੇ ਤੇ ਸਮੂਹ ਸ਼ਖ਼ਸੀਅਤਾ ਨੇ ਵਿਦਿਆਰਥੀਆਂ ਨਾਲ ਆਪਣੀਆਂ ਕਹਾਣੀਆਂ ਅਤੇ ਵਿਚਾਰ ਸਾਂਝੇ ਕਰਨ ਤੇ ਖ਼ੁਸ਼ੀ ਮਹਿਸੂਸ ਕਰਦੇ ਹੋਏ ਹਰ ਲੜਕੀ ਨੂੰ ਵੱਡੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬ ਹੋਈਆਂ ਸ਼ਖ਼ਸੀਅਤਾਂ ਨੂੰ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਕਈ ਸਵਾਲ ਵੀ ਪੁੱਛੇ। ਅਖੀਰ ਵਿੱਚ ਮੈਨੇਜਮੈਂਟ ਵੱਲੋਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦਗਾਰੀ-ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…