
ਧਾਰਮਿਕ ਸਮਾਗਮ ਵਿੱਚ ਹੋਣਹਾਰ ਬੱਚਿਆਂ ਦਾ ਸਨਮਾਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰਾ ਵਿੱਚ ਸਥਿਤ ਗੁਰਦਵਾਰਾ ਰਾਮਦਾਸ ਸਾਹਿਬ ਪਾਤਸ਼ਾਹੀ ਚੌਥੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕੁਲਵਿੰਦਰ ਸਿੰਘ ਰਸੂਲਪੁਰ ਵੱਲੋਂ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤਿੰਨ ਰੋਜ਼ਾ ਧਾਰਮਿਕ ਵਿੱਦਿਆ ਅਤੇ ਗੁਰਮਤਿ ਦੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਮੁਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕੁਲਵੀਰ ਸਿੰਘ ਜੱਗੀ ਅਤੇ ਬਾਬਾ ਸੰਤਾ ਸਿੰਘ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਕੁਲਵੀਰ ਸਿੰਘ ਜੱਗੀ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਧਰਮ ਨਾਲ ਜੋੜਨ ਲਈ ਪਿੰਡ ਪੱਧਰ ਤੇ ਅਜਿਹੇ ਸਮਾਗਮ ਕਰਵਾਉਣੇ ਸਮੇਂ ਦੀ ਮੁਖ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਰਹਿਣ। ਇਸ ਮੌਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵੀਰ ਸਿੰਘ ਮਿੰਟੂ ਨੇ ਦੱਸਿਆ ਕਿ ਇਸ ਦੌਰਾਨ ਬੱਚਿਆਂ ਵਿਚ ਕਵਿਤਾ, ਭਾਸ਼ਣ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਕੁਲਵੀਰ ਸਿੰਘ ਜੱਗੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਬੱਚੇ ਹਾਜ਼ਰ ਸਨ।