Nabaz-e-punjab.com

ਪੰਜਾਬ ਵਿੱਚ 611 ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ: ਸਿੱਧੂ

ਸਿਹਤ ਮੰਤਰੀ ਨੇ ਪਿੰਡ ਨੰਡਿਆਲੀ ਵਿੱਚ 84 ਲਾਭਪਾਤਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਨੇੜਲੇ ਪਿੰਡ ਨੰਡਿਆਲੀ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਦੇ 84 ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਲਈ ਕਾਰਡ ਵੰਡੇ। ਸਿਹਤ ਤੇ ਸਿੱਖਿਆ ਨੂੰ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਬੀਮਾਰੀ ਕਾਰਨ ਲੋਕਾਂ ’ਤੇ ਕੋਈ ਵਿੱਤੀ ਬੋਝ ਨਾ ਪਵੇ, ਇਸ ਸਬੰਧੀ ਸਰਕਾਰ ਨੇ ਲੋਕਾਂ ਦੀ ਸਿਹਤਯਾਬੀ ਅਤੇ ਮੁਫ਼ਤ ਇਲਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਇਸ ਸਕੀਮ ਤਹਿਤ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਮੂਹ ਸਰਕਾਰੀ ਹਸਪਤਾਲਾਂ ਸਮੇਤ 611 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਸੂਚੀਬੱਧ ਕੀਤਾ ਗਿਆ ਹੈ। ਇਨ੍ਹਾਂ ਹਸਪਤਾਲਾਂ ਵਿੱਚ ਕੋਈ ਵੀ ਲਾਭਪਾਤਰੀ ਸਰਬੱਤ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਦਿਖਾ ਕੇ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ। ਪਿੰਡ ਦਿਆਲਪੁਰਾ ਸੋਢੀਆਂ ਵਿੱਚ ਅੱਜ ਖੋਲ੍ਹੇ ਗਏ ਆਯੂਸ਼ ਹਸਪਤਾਲ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਨੈਚਰੋਪੈਥੀ ਰਾਹੀਂ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਪੂਰੇ ਪੰਜਾਬ ਦੇ 46 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆ ਗਿਆ ਹੈ। ਜਿਨ੍ਹਾਂ ’ਚ 1.16 ਲੱਖ ਪਰਿਵਾਰ ਮੁਹਾਲੀ ਜ਼ਿਲ੍ਹੇ ਦੇ ਹਨ। ਜ਼ਿਲ੍ਹੇ ਵਿੱਚ 96905 ਕਾਰਡ ਬਣ ਚੁੱਕੇ ਹਨ ਅਤੇ ਹੁਣ ਤੱਕ 2492 ਲੋਕ 3 ਕਰੋੜ 62 ਲੱਖ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਜਲਦੀ ਹੀ ਸਰਕਾਰੀ ਮੈਡੀਕਲ ਕਾਲਜ ਅਤੇ 300 ਬਿਸਤਰਿਆਂ ਦਾ ਹਸਪਤਾਲ ਬਣਨ ਜਾ ਰਿਹਾ ਹੈ ਅਤੇ ਸਰਕਾਰੀ ਹਸਪਤਾਲ ਨੂੰ ਪਿੰਡ ਸਨੇਟਾ ਨੇੜੇ ਤਬਦੀਲ ਕੀਤਾ ਜਾਵੇਗਾ ਤਾਂ ਕਿ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਇਲਾਜ ਦੀ ਸਹੂਲਤ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਲ ਸਕੇ।
ਪਿੰਡ ਨੰਡਿਆਲੀ ਦੇ ਵਸਨੀਕਾਂ ਨੇ ਸਿਹਤ ਮੰਤਰੀ ਵੱਲੋਂ ਖੋਲ੍ਹੇ ਲੋਕ ਭਲਾਈ ਕੇਂਦਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇਕ ਛੱਤ ਥੱਲੇ ਮਿਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਥਾਂ-ਥਾਂ ਭਟਕਣਾ ਨਹੀਂ ਪੈ ਰਿਹਾ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਪੰਚ ਅਜੈਬ ਸਿੰਘ, ਰਮਨਦੀਪ ਸਿੰਘ ਸਰਪੰਚ ਸਫੀਪੁਰ, ਹਰਜੀਤ ਸਿੰਘ ਸਰਪੰਚ ਰੁੜਕਾ, ਗੁਰਵਿੰਦਰ ਸਿੰਘ ਸਰਪੰਚ ਨੰਡਿਆਲੀ, ਰਾਜੇਸ਼ ਸਰਪੰਚ ਅਲੀਪੁਰ, ਹਰੀ ਸਿੰਘ ਬਾਕਰਪੁਰ, ਰਣਜੀਤ ਸਿੰਘ ਬੱਲੂ, ਬਲਵਿੰਦਰ ਸਿੰਘ ਪੰਚ ਨੰਡਿਆਲੀ, ਮਲਕੀਤ ਸਿੰਘ ਮੰਡੇਰ, ਭਗਤ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਮਾਨ ਸਿੰਘ ਅਤੇ ਬਹਾਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …