Nabaz-e-punjab.com

ਕਰੋਨਾ ਇਲਾਜ ਸਬੰਧੀ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਰੇਟ ਹੀ ਲੈਣਗੇ ਸਾਰੇ ਹਸਪਤਾਲ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਸੂਬਾ ਸਰਕਾਰ ਵੱਲੋਂ ਕੋਵਿਡ-19 ਦੇ ਇਲਾਜ ਸਬੰਧੀ ਲਾਗੂ ਕੀਤੇ ਰੇਟਾਂ ਦੀ ਪਾਲਣਾ ਕਰਨ ਦੀ ਸਲਾਹ ਅਤੇ ਚੇਤਾਵਨੀ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ, ‘ਤੋਖਾ ਨਾ ਕਰੋ, ਨਿਰਧਾਰਤ ਰੇਟਾਂ ਤੋਂ ਵੱਧ ਨਾ ਲਵੋ; ਇਹ ਮੁਸ਼ਕਲ ਸਮਾਂ ਸਿਰਫ਼ ਸਾਡੀ ਸਿਹਤ ਸੰਭਾਲ ਪ੍ਰਣਾਲੀ ਲਈ ਹੀ ਨਹੀਂ ਬਲਕਿ ਸਾਡੀ ਨੈਤਿਕਤਾ ਦੀ ਪਰਖ ਦਾ ਵੀ ਹੈ। ਆਓ ਆਪਾਂ ਮਿਲ ਕੇ ਦੋਹਾਂ ਦਾ ਉੱਤਮ ਪੱਖ ਦੇਈਏ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਜ਼ਿਲੇ ਦੇ ਕੁਝ ਹਸਪਤਾਲ ਮਰੀਜ਼ਾਂ ਤੋਂ ਜ਼ਿਆਦਾ ਖਰਚਾ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿਹਤ ਸਹੂਲਤਾਂ ’ਤੇ ਦਬਾਅ ਹੈ ਪਰ ਪ੍ਰਸ਼ਾਸਨ ਮਰੀਜ਼ਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਡਿਫਾਲਟਰਾਂ ਖ਼ਲਾਫ਼ ਕਾਰਵਾਈ ਕਰਨ ਲਈ ਪਾਬੰਦ ਹਾਂ। ਉਨ੍ਹਾਂ ਕਿਹਾ ਕਿ ਸਥਾਨਕ ਐਸਡੀਐਮ ਅਤੇ ਸਿਵਲ ਸਰਜਨ ਦੇ ਨੁਮਾਇੰਦਿਆਂ ਦੀ ਦੋ ਮੈਂਬਰੀ ਟੀਮ ਇਹਨਾਂ ਸ਼ਿਕਾਇਤਾਂ ਦੀ ਜਾਂਚ ਕਰੇਗੀ ਅਤੇ ਬਣਦੀ ਕਾਰਵਾਈ ਦੀ ਸਿਫਾਰਸ਼ ਕਰੇਗੀ।
ਇਸ ਦੌਰਾਨ ਉਹਨਾਂ ਦੁਹਰਾਇਆ ਕਿ ਮਰੀਜ਼ਾਂ ਨੂੰ ਆਈਸੀਯੂ ਬੈੱਡ ਲਈ ਦਾਖਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਜਾਣੂ ਹੈ ਕਿ ਕੋਵਿਡ ਮਾਮਲਿਆਂ ਦੇ ਵਾਧੇ ਕਾਰਨ ਸਾਰੇ ਹਸਪਤਾਲਾਂ ਵਿੱਚ ਆਈਸੀਯੂ ਬੈੱਡ ਪੂਰੀ ਸਮਰੱਥਾ ਤੇ ਕੰਮ ਕਰ ਰਹੇ ਹਨ। ਪਰ ਕੁਝ ਹਸਪਤਾਲਾਂ ਵਿੱਚ ਆਕਸੀਜਨ ਵਾਲੇ ਵਾਰਡ ਬੈੱਡ ਉਪਲਬਧ ਹੋਣ ਦੇ ਬਾਵਜੂਦ ਵੀ ਕਈ ਵਾਰ ਮਰੀਜ਼ਾਂ ਨੂੰ ਆਈਸੀਯੂ ਬੈੱਡ ਲਈ ਦਾਖਲੇ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਨਾਲ ਉਸ ਨਾਜ਼ੁਕ ਸਮੇਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਆਕਸੀਜਨ ਅਤੇ ਉਸ ਨਾਲ ਸਬੰਧਤ ਦੇਖਭਾਲ ਦਿੱਤੀ ਜਾ ਸਕਦੀ ਸੀ ਜਿਸ ਨਾਲ ਉਸਦੀ ਜਾਨ ਬਚਾਈ ਜਾ ਸਕਦੀ ਹੈ।
ਪੰਜਾਬ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ, 2020 ਦੇ ਸੈਕਸ਼ਨ 21 ਵਿੱਚ ਕਿਸੇ ਵੀ ਹਸਪਤਾਲ ਨੂੰ ਕਲੀਨਿਕਲ ਸੰਸਥਾ ਵਿੱਚ ਦਾਖ਼ਲੇ ਸਮੇਂ ਕੋਵਿਡ ਮਰੀਜ਼ਾਂ ਨਾਲ ਵਿਤਕਰਾ ਕਰਨ ਤੋਂ ਵਰਜਿਆ ਗਿਆ ਹੈ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਹਸਪਤਾਲ ਮਰੀਜ਼ ਦੇ ਪਰਿਵਾਰ ਦੀ ਸਹਿਮਤੀ ਨਾਲ ਜਦੋਂ ਉਹ ਆਈਸੀਯੂ ਬੈੱਡ ਦੀ ਉਡੀਕ ਕਰ ਰਹੇ ਹੋਣ, ਮਰੀਜ਼ਾਂ ਨੂੰ ਆਕਸੀਜਨ ਵਾਲੇ ਵਾਰਡ ਬੇਡ ਵਿਚ ਦਾਖਲ ਕਰਨ ਤੋਂ ਨਾ ਹਿਚਕਿਚਾਉਣ।

Load More Related Articles

Check Also

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ…