Nabaz-e-punjab.com

ਸਰਕਾਰੀ ਕਾਲਜ ਵਿੱਚ ਛੇਤੀ ਹੀ ਲੜਕੀਆਂ ਲਈ ਸਮਰਪਿਤ ਹੋਵੇਗਾ ਆਧੁਨਿਕ ਸਹੂਲਤਾਂ ਨਾਲ ਲੈਸ ਹੋਸਟਲ

ਸਟੇਟ ਆਫ਼ ਆਰਟ ਆਈਟੀ ਲੈਬ ਬਣ ਕੇ ਤਿਆਰ: ਪ੍ਰਿੰਸੀਪਲ ਕੋਮਲ ਬਰੋਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਵਿੱਚ ਇਸ ਵੇਲੇ ਪੋਸਟ ਗਰੈਜੂਏਸ਼ਨ ਦੇ ਆਰਟਸ ਵਿੱਚ ਚਾਰ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਇਸ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ। ਇਹ ਗੱਲ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਕੋਮਲ ਬਰੋਕਾ ਨੇ ਆਖੀ। ਉਨ੍ਹਾਂ ਦੱਸਿਆ ਕਿ ਐੱਮਏ ਅੰਗਰੇਜ਼ੀ, ਐੱਮਏ ਫਾਈਨ ਆਰਟਸ, ਐੱਮਏ ਪੰਜਾਬੀ ਅਤੇ ਐੱਮਐੱਸਸੀ ਮੈਥੇਮੈਟਿਕਸ ਦੇ ਪ੍ਰਤੀ ਵਿਦਿਆਰਥੀਆਂ ਦਾ ਝੁਕਾਅ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿੱਚ ਕਈ ਸਾਲਾਂ ਤੋਂ ਕੁੜੀਆਂ ਦੇ ਹੋਸਟਲ ਦੀ ਇਮਾਰਤ ਬਣੀ ਹੋਈ ਸੀ ਪਰ ਉਹ ਬੇਅਬਾਦ ਪਿਆ ਸੀ ਕਿਉਂਕਿ ਉਥੇ ਕੋਈ ਚਾਰ ਦੀਵਾਰੀ ਜਾਂ ਹੋਰ ਸੁਵਿਧਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਕਾਲਜ ਦੀ ਵਾਗਡੋਰ ਪ੍ਰਿੰਸੀਪਲ ਦੇ ਤੌਰ ਤੇ 2017 ਵਿਚ ਸੰਭਾਲਣ ਸਾਰ ਹੀ ਉਨ੍ਹਾਂ ਇਸ ਹੋਸਟਲ ਨੂੰ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਤੇ ਹੁਣ ਇਥੇ ਚਾਰ ਦੀਵਾਰੀ ਕਰਕੇ ਬਕਾਇਦਾ ਚੌਕੀਦਾਰ ਦੇ ਬੈਠਣ ਦਾ ਕਮਰਾ ਬਣਾ ਕੇ ਗੇਟ ਲਗਾ ਦਿੱਤਾ ਗਿਆ ਹੈ ਅਤੇ ਆਉਂਦੇ ਸਮੈਸਟਰ ਤੋਂ ਇਹ ਹੋਸਟਲ ਵਿਦਿਆਰਥਣਾਂ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਇਕ ਸਟੇਟ ਆਫ਼ ਆਰਟ ਆਈਟੀ ਲੈਬ ਕਾਲਜ ਵਿਚ ਬਣਾਈ ਗਈ ਹੈ, ਜੋ ਕਿ ਛੇਤੀ ਹੀ ਸ਼ੁਰੂ ਹੋ ਜਾਵਗੀ।
ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਥ ਫੈਸਟੀਵਲ ਵਿੱਚ ਇਹ ਕਾਲਜ ਰਨਰਅੱਪ ਰਿਹਾ ਹੈ ਅਤੇ ਇੰਟਰ ਜੋਨਲ ਫੈਸਟੀਵਲ ਵਿਚ ਸ਼ਬਦ ਗਾਇਨ ਵਿਚ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਰੰਗੋਲੀ ਵਿਚ ਤੀਜਾ। ਇਸ ਤੋਂ ਇਲਾਵਾ ਅਨੇਕਾਂ ਹੀ ਹੋਰ ਐਵਾਰਡ ਕਾਲਜ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਹਾਊਸਪਿਟੈਲਟੀ ਕੋਰਸ ਦੇ ਅਧੀਨ ਚਾਰ ਤਰ੍ਹਾਂ ਦੇ ਕੋਰਸ ਡਿਪਲੋਮਾਂ ਇਨ ਫੂਡ ਪ੍ਰੋਡੱਕਸ਼ਨ, ਡਿਪਲੋਮਾਂ ਇਨ ਬੇਕਰੀ ਅਤੇ ਕਨਫੈਕਸ਼ਨਰੀ, ਡਿਪਲੋਮਾਂ ਇਨ ਫੂਡ ਐਂਡ ਬੀਵਰਜ਼ ਸਰਵਿਸਿਜ ਅਤੇ ਡਿਪਲੋਮਾਂ ਇਨ ਅਕੋਮੋਡੇਸ਼ਨ ਉਪਰੇਸ਼ਨ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਪ੍ਰਤੀ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਨੋਵਿਗਿਆਨ, ਅਰਥ ਸ਼ਾਸਤਰ, ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚ ਆਨਰਜ਼ ਕੋਰਸ ਕਰਵਾਏ ਜਾਂਦੇ ਹਨ।
ਅੱਜ ਕੱਲ ਦੇ ਨਸ਼ੇ ਵਿੱਚ ਫਸਦੇ ਜਾ ਰਹੇ ਨੌਜਵਾਨਾਂ ਨੂੰ ਸੇਧ ਦੇਣ ਲਈ ਬੀਏ, ਬੀ.ਕਾਮ, ਬੀਐੱਸਸੀ ਅਤੇ ਬੀਸੀਏ ਦੇ ਵਿਦਿਆਰਥੀਆਂ ਲਈ ਦੂਜੇ ਸਮੈਸਟਰ ਵਿਚ ਡਰੱਗ ਐਵਿਊਜ ਪ੍ਰਾਵਲਮ, ਮੈਨੇਜਮੈਂਟ ਐਂਡ ਪ੍ਰੀਵੈਨਸ਼ਨ ਵਿਸ਼ਾ ਪੜ੍ਹਨਾ ਲਾਜ਼ਮੀ ਹੈ। ਇਸੇ ਤਰ੍ਹਾਂ ਵਾਤਾਵਰਨ ਦੀ ਸੰਭਾਲ ਲਈ ਯੁਵਕਾਂ ਨੂੰ ਜਾਗਰੂਕ ਕਰਨ ਦੇ ਲਈ ਇਨਵਾਇਰਮੈਂਟ ਐਂਡ ਰੋਡ ਸੇਫਟੀ ਅਵੇਅਰਨੈੱਸ ਦਾ ਵਿਸ਼ਾ ਚੌਥੇ ਸਮੈਸਟਰ ਵਿੱਚ ਪੜ੍ਹਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਪ੍ਰਪੱਕਤਾ ਲਈ ਬੀਏ, ਬੀ.ਕਾਮ ਤੇ ਬੀਐੱਸਈ ਦੇ ਤਿੰਨੋਂ ਸਾਲਾਂ ਦੌਰਾਨ ਪੰਜਾਬੀ/ਮੁੱਢਲਾ ਗਿਆਨ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਨਾ ਜ਼ਰੂਰੀ ਹੈ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਡਾ. ਜਸਵਿੰਦਰ ਕੌਰ, ਪ੍ਰੋ. ਜਸਪਾਲ ਸਿੰਘ, ਡਾ. ਗੁਰਦੀਪ ਸਿੰਘ ਸੇਖੋਂ, ਘਣਸ਼ਾਮ ਸਿੰਘ ਭੁੱਲਰ, ਜਸਪ੍ਰੀਤ ਬੈਂਸ, ਸਰਬਜੀਤ ਕੌਰ (ਪੰਜਾਬੀ ਪ੍ਰੋਫੈਸਰ), ਬਲਵਿੰਦਰ ਸਿੰਘ ਸੰਧੂ, ਸਰਬਜੀਤ ਕੌਰ (ਹਿੰਦੀ ਪ੍ਰੋਫੈਸਰ) ਅਤੇ ਸੁਪਰਡੈਂਟ ਨੀਲਮਜੀਤ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…