
ਟਾਟਾ ਕੰਪਨੀ ਦੀ ਭਾਰੀ ਮਾਤਰਾ ਵਿੱਚ ਨਕਲੀ ਚਾਹਪੱਤੀ ਤੇ ਨਕਲੀ ਲੂਣ ਜ਼ਬਤ
ਬਲੌਂਗੀ ਪੁਲੀਸ ਨੇ ਪਰਚਾ ਦਰਜ ਕਰਕੇ 3 ਦੁਕਾਨਦਾਰ ਗ੍ਰਿਫ਼ਤਾਰ, ਜ਼ਮਾਨਤ ’ਤੇ ਰਿਹਾਅ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਮੁਹਾਲੀ ਅਤੇ ਆਸਪਾਸ ਦੇ ਇਲਾਕੇ ਵਿੱਚ ਬ੍ਰਾਂਡਿਡ ਕੰਪਨੀਆਂ ਦੇ ਨਕਲੀ ਸਾਮਾਨ ਦੀ ਵਿਕਰੀ ਦਾ ਧੰਦਾ ਜ਼ੋਰਾਂ ’ਤੇ ਚਲ ਰਿਹਾ ਹੈ। ਇਸ ਸਬੰਧੀ ਬਲੌਂਗੀ ਪੁਲੀਸ ਨੇ ਛਾਪੇਮਾਰੀ ਕਰਕੇ ਟਾਟਾ ਕੰਪਨੀ ਦੀ ਨਕਲੀ ਚਾਹ ਪੱਤੀ ਅਤੇ ਨਕਲੀ ਲੂਣ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟਾਟਾ ਕੰਪਨੀ ਦੇ ਨੁਮਾਇੰਦਿਆਂ ਨੇ ਪੁਲੀਸ ਟੀਮ ਨਾਲ ਬਲੌਂਗੀ ਦੀਆਂ ਦੋ ਦੁਕਾਨਾਂ ਅਤੇ ਖਰੜ ਦੀ ਇੱਕ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਟਾਟਾ ਕੰਪਨੀ ਦਾ ਮਾਰਕਾ ਲਗਾ ਕੇ ਵੇਚੀ ਜਾ ਰਹੀ ਨਕਲੀ ਚਾਹ ਪੱਤੀ ਅਤੇ ਨਕਲੀ ਲੂਣ ਸਮੱਗਰੀ ਭਾਰੀ ਮਾਤਰਾ ਵਿੱਚ ਜ਼ਬਤ ਕੀਤੀ ਗਈ। ਪੁਲੀਸ ਨੇ ਨਕਲੀ ਸਾਮਾਨ ਵੇਚਣ ਵਾਲੇ ਇਨ੍ਹਾਂ ਦੁਕਾਨਦਾਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪ੍ਰੰਤੂ ਧਰਾਵਾਂ ਨਰਮ ਹੋਣ ਕਾਰਨ ਬਾਅਦ ਵਿੱਚ ਦੁਕਾਨਦਾਰਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
ਟਾਟਾ ਕੰਪਨੀ ਦੇ ਅਧਿਕਾਰੀ ਰਮੇਸ਼ ਦੱਤ ਨੇ ਦੱਸਿਆ ਕਿ ਕੰਪਨੀ ਨੂੰ ਸ਼ਿਕਾਇਤ ਮਿਲੀ ਸੀ ਕਿ ਬਲੌਂਗੀ ਵਿੱਚ ਕੁਝ ਦੁਕਾਨਦਾਰ ਟਾਟਾ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਚਾਹਪੱਤੀ ਅਤੇ ਨਕਲੀ ਲੂਣ ਵੇਚ ਰਹੇ ਹਨ। ਇਸ ਸਬੰਧੀ ਕੰਪਨੀ ਨੇ ਪੁਲੀਸ ਨਾਲ ਤਾਲਮੇਲ ਕਰਕੇ ਸਬੰਧਤ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਭਾਰੀ ਮਾਤਰਾ ਵਿੱਚ ਨਕਲੀ ਚਾਹਪੱਤੀ ਅਤੇ ਨਕਲੀ ਲੂਣ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਯੂਟੀ ਦੇ ਪਿੰਡ ਕਜਹੇੜੀ ਵਿੱਚ ਅਜਿਹੀ ਕਾਰਵਾਈ ਦੌਰਾਨ ਕੰਪਨੀ ਦਾ ਨਕਲੀ ਲੂਣ ਬਣਾਉਣ ਵਾਲੀ ਫੈਕਟਰੀ ਫੜੀ ਗਈ ਸੀ, ਜਿੱਥੋਂ ਇੱਕ ਡਾਇਰੀ ਵੀ ਮਿਲੀ ਸੀ, ਜਿਸ ਵਿੱਚ ਵੱਖ-ਵੱਖ ਦੁਕਾਨਾਂ ਨੂੰ ਨਕਲੀ ਲੂਣ ਸਪਲਾਈ ਕੀਤੇ ਜਾਣ ਦੇ ਵੇਰਵੇ ਦਰਜ ਸਨ। ਹਾਲਾਂਕਿ ਇਨ੍ਹਾਂ ਦੁਕਾਨਦਾਰਾਂ ਵੱਲੋਂ ਦੁਕਾਨਾਂ ’ਤੇ ਅਸਲੀ ਸਮਾਨ ਵੀ ਰੱਖਿਆ ਹੋਇਆ ਹੈ ਪ੍ਰੰਤੂ ਨਾਲ ਹੀ ਉਹ ਗਾਹਕਾਂ ਨੂੰ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਚਾਹਪੱਤੀ ਅਤੇ ਨਕਲੀ ਲੂਣ ਵੇਚਦੇ ਸਨ।