ਆਪ ਉਮੀਦਵਾਰ ਸ਼ੇਰਗਿੱਲ ਦੇ ਹੱਕ ਵਿੱਚ ਮਟੌਰ ਵਿੱਚ ਵਿਸ਼ਾਲ ਚੋਣ ਰੈਲੀ

ਦਿੱਲੀ ਦੀ ਮਹਿਲਾ ਵਿਧਾਇਕਾ ਅਲਕਾ ਲਾਂਬਾ ਨੇ ਨਵਾਂ ਪੰਜਾਬ ਸਿਰਜਣ ਲਈ ਮੰਗਿਆਂ ਲੋਕਾਂ ਦਾ ਸਹਿਯੋਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਆਮ ਆਦਮੀ ਪਾਰਟੀ ਦੀ ਦਿੱਲੀ ਦੀ ਵਿਧਾਇਕਾ ਅਤੇ ਸਟਾਰ ਪ੍ਰਚਾਰਕ ਅਲਕਾ ਲਾਂਬਾ ਨੇ ਅੱਜ ਪਿੰਡ ਮਟੌਰ ਵਿੱਚ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਚੋਣ ਰੈਲੀ ਕੀਤੀ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਲਾਂਬਾ ਨੇ ਕਿਹਾ ਕਿ ਉਹ ਇਕ ਨਵਾਂ ਪੰਜਾਬ ਸਿਰਜਣ ਲਈ ਅੱਜ ਇੱਥੋਂ ਦੇ ਲੋਕਾਂ ਤੋਂ ਸਹਿਯੋਗ ਮੰਗਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਅਸੀਂ ਦਿੱਲੀ ਵਾਲੇ ਇਥੇ ਰਾਜ ਕਰਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਹੱਕ ਉਨ੍ਹਾਂ ਨੂੰ ਹੀ ਦਿਵਾਉਣ ਦੀ ਲੜਾਈ ਲੜ ਰਹੇ ਹਾਂ।
ਸ੍ਰੀਮਤੀ ਅਲਕਾ ਲਾਂਬਾ ਨੇ ਇਹ ਵੀ ਕਿਹਾ ਕਿ ਮੈਂ ਦਿੱਲੀ ਦੀ ਐਮਐਲਏ ਬਿਨਾਂ ਕਿਸੇ ਸਕਿਊਰਿਟੀ ਅਤੇ ਲਾਲ ਬੱਤੀ ਵਾਲੀ ਗੱਡੀ ਦੇ ਇਥੇ ਤੁਹਾਡੇ ਵਿੱਚ ਆਮ ਲੋਕਾਂ ਵਿੱਚ ਵਿਚਰ ਰਹੀ ਹਾਂ ਕਿਉਂਕਿ ਮੈਂ ਵੀ ਇਕ ਆਮ ਇਨਸਾਨ ਹੀ ਹਾਂ ਪਰ ਸਾਡੇ ਦੇਸ਼ ਵਿੱਚ ਕੁਝ ਸੱਤਾ ਦੇ ਲਾਲਚੀ ਲੀਡਰਾਂ ਨੇ ਕਥਿਤ ਵੀਆਈਪੀ ਕਲਚਰ ਜਾਣਬੁੱਝ ਕੇ ਪੈਦਾ ਕੀਤਾ ਹੋਇਆ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਵਿਚ ਲੋਕਾਂ ਦਾ ਰਾਜ ਅਸਲ ਮਾਅਨਿਆਂ ਵਿਚ ਆਵੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਵੀ ਸੱਤਾ ਵਿਚ ਆ ਕੇ ਵੀਆਈਪੀ ਕਲਚਰ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਖਾਤਮਾ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰਾਜ ਭਾਗ ਵਿਚ ਸਿਫਤੀ ਤਬਦੀਲੀ ਲਿਆਂਦੀ ਗਈ ਹੈ। ਭਾਵੇਂ ਦਿੱਲੀ ਦੇ ਇਕ ਅਰਧ ਸਰਕਾਰੀ ਰਾਜ ਹੋਣ ਅਤੇ ਕੇਂਦਰ ਦੀ ਖੋਟੀ ਨੀਅਤ ਕਰਕੇ ਸਾਡੀ ਸਰਕਾਰ ਦੇ ਕੰਮ ਕਰਨ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ ਪਰ ਫਿਰ ਵੀ ‘ਆਪ’ ਸਰਕਾਰ ਨੇ ਸਿਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਉਹ ਕੰਮ ਕਰ ਦਿਖਾਇਆ ਹੈ ਜੋ ਦੂਜੇ ਲੋਕ ਆਪਣੇ ਸੱਠ ਸਾਲਾਂ ਦੇ ਰਾਜ ਵਿਚ ਵੀ ਨਹੀਂ ਕਰ ਸਕੇ। ਦਿੱਲੀ ਵਿਚ ਲੋਕਾਂ ਦੇ ਬਿਜਲੀ ਦੇ ਬਿਲ ਹੁਣ ਪਹਿਲਾਂ ਨਾਲੋਂ ਅੱਧੇ ਰਹਿ ਗਏ ਹਨ। ਪੀਣ ਵਾਲਾ ਪਾਣੀ ਇਕ ਹੱਦ ਤਕ ਮੁਫਤ ਮਿਲਦਾ ਹੈ ਅਤੇ ਸਬਸਿਡੀ ਦੇਣ ਤੋਂ ਬਾਅਦ ਵੀ ਜਲ ਬੋਰਡ ਮੁਨਾਫੇ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਮੁਹਾਲੀ ਹਲਕੇ ਦੇ ਲੋਕਾਂ ਵਾਸਤੇ ਇਕ ਬੇਹੱਦ ਇਮਾਨਦਾਰ, ਪੜ੍ਹੇ-ਲਿਖੇ ਅਤੇ ਇਲਾਕੇ ਦੇ ਉਘੇ ਸਮਾਜਸੇਵੀ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਵੱਜੋਂ ਮੈਦਾਨ ਵਿਚ ਲਿਆਂਦਾ ਹੈ। ਇਸ ਕਰਕੇ ਪੰਜਾਬ ਅਤੇ ਦੇਸ਼ ਨੂੰ ਬਚਾਉਣ ਦੀ ਇਸ ਜੰਗ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਾਵੇ।
ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲ ਦੇ ਰਾਜ ਵਿੱਚ ਪੰਜਾਬ ਤਬਾਹ ਹੋ ਕੇ ਰਹਿ ਗਿਆ। ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਮਹਿੰਗਾਈ ਤੇ ਮੰਦਹਾਲੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਪਰ ਅਕਾਲੀ-ਭਾਜਪਾ ਸਰਕਾਰ ਪਤਾ ਨਹੀਂ ਕਿਹੜੇ ਵਿਕਾਸ ਦੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਰਾਜ ਦੌਰਾਨ ਬਹੁਤ ਮਾੜੇ ਦਿਨ ਦੇਖੇ ਹਨ। ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋਈ ਅਤੇ ਸ਼ਾਂਤਮਈ ਰੋਸ ਧਰਨਿਆਂ ’ਤੇ ਬੈਠੇ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਰਾਜ ਦਾ ਅੰਤ ਕਰਨ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੀ ਅੰਦਰਖਾਤੇ ਚਲੀ ਆ ਰਹੀ ਗੰਢ ਤੁੱਪ ਦਾ ਭਾਂਡਾ ਚੌਰਾਹੇ ਵਿਚ ਭੰਨਿਆਂ ਜਾ ਚੁੱਕਾ ਹੈ। ਇਸ ਕਰਕੇ ਲੋਕ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…