ਵਿਦੇਸ਼ ਭੇਜਣ ਦੇ ਨਾਂ ’ਤੇ ਮਨੁੱਖੀ ਤਸਕਰੀ: ਮੁਹਾਲੀ ਪੁਲੀਸ ਵੱਲੋਂ ਦੋ ਅੌਰਤਾਂ ਸਣੇ 5 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 2 ਕਰੋੜ 13 ਲੱਖ ਰੁਪਏ ਦੀਕ ਨਗਦੀ, 64 ਤੋਲੇ ਸੋਨਾ ਤੇ ਚਾਰ ਲਗਜ਼ਰੀ ਗੱਡੀਆਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇੰਟਰਨੈਸ਼ਨਲ ਮਨੁੱਖੀ ਤਸਕਰ ਦੇ ਮਾਮਲੇ ਵਿੱਚ ਦੋ ਅੌਰਤਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2 ਕਰੋੜ 13 ਲੱਖ ਰੁਪਏ ਦੀ ਨਗਦੀ ਅਤੇ ਕਰੀਬ 64 ਤੋਲੇ ਸੋਨਾ ਅਤੇ ਚਾਰ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ (ਜਲੰਧਰ), ਗੁਰਜੀਤ ਸਿੰਘ ਉਰਫ਼ ਮੰਗਾ ਵਾਸੀ ਪਿੰਡ ਮੱਲੀਆ (ਜਲੰਧਰ), ਸਾਹਿਲ ਭੱਟੀ, ਸੋਮ ਰਾਜ ਅਤੇ ਵੀਨਾ ਸਾਰੇ ਵਾਸੀ ਪਿੰਡ ਸਲੈਰੀਆ ਖ਼ੁਰਦ (ਹੁਸ਼ਿਆਰਪੁਰ) ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਲਾਕਰਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੜਤਾਲ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਬਲੌਂਗੀ ਅਤੇ ਖਰੜ ਸਦਰ ਥਾਣੇ ਵਿੱਚ ਦਰਜ ਦੋ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਤਸਕਰਾਂ ਅਤੇ ਅਗਵਾਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਅਗਵਾ ਕੀਤੇ ਗਏ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਇਸ ਸਬੰਧੀ ਹੈਲਪਲਾਈਨ ਨੰਬਰ 99140-55677 ਅਤੇ 95019-91108 ਵੀ ਜਾਰੀ ਕੀਤੇ ਗਏ ਹਨ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਕੁਝ ਵਿਅਕਤੀ ਪੰਜਾਬ ਸਮੇਤ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਭੋਲੇ-ਭਾਲੇ ਲੋਕਾਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਸਿੰਘਾਪੁਰ ਅਤੇ ਇੰਡੋਨੇਸ਼ੀਆ ਵਿੱਚ ਅਗਵਾ ਕਰ ਲੈਂਦੇ ਸਨ ਅਤੇ ਮਨੁੱਖੀ ਤਸ਼ੱਦਦ ਢਾਹ ਕੇ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕਰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਗੰਨ ਪੁਆਇੰਟ ’ਤੇ ਅਗਵਾ ਕੀਤੇ ਵਿਅਕਤੀਆਂ ਤੋਂ ਖ਼ੁਦ ਉਨ੍ਹਾਂ ਦੇ ਘਰਦਿਆਂ ਨੂੰ ਫੋਨ ਕਰਵਾ ਕੇ ਫਰੌਤੀ ਦੀ ਮੰਗ ਕਰਦੇ ਹਨ। ਪੁਲੀਸ ਨੇ ਤਸਕਰਾਂ ਕੋਲੋਂ ਸਵਿਫ਼ਟ, ਫੀਗੋ, ਤਾਈਗੁਨ ਅਤੇ ਥਾਰ ਆਦਿ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮ ਇਨ੍ਹਾਂ ਵਾਹਨਾਂ ਨੂੰ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ।
ਗਰਗ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਟੀਮ ਨੇ ਟੈਕਨੀਕਲ ਤਫਤੀਸ਼ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਵਿਦੇਸ਼ਾਂ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਬੈਠੇ ਮਨੁੱਖੀ ਤਸਕਰ ਅਤੇ ਅਗਵਾਕਾਰਾਂ ਦੇ ਆਕਾ ਸੰਨੀ ਕੁਮਾਰ ਵਾਸੀ ਪਿੰਡ ਸਲੈਰੀਆ ਖ਼ੁਰਦ (ਹੁਸ਼ਿਆਰਪੁਰ), ਜੋ ਇਸ ਸਮੇਂ ਇੰਡੋਨੇਸ਼ੀਆ ਵਿੱਚ ਰਹਿੰਦਾ ਹੈ ਅਤੇ ਜਸਵੀਰ ਸਿੰਘ ਉਰਫ਼ ਸੰਜੇ ਹਾਲ ਵਾਸੀ ਸਿੰਘਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਦੀ ਟਿੱਕਟ ਕਟਵਾ ਕੇ ਭੇਜ ਦਿੰਦੇ ਸੀ ਅਤੇ ਉੱਥੇ ਬੈਠੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ਼ ਸੰਜੇ (ਸਿੰਘਾਪੁਰ) ਪੀੜਤ ਵਿਅਕਤੀਆਂ ਨੂੰ ਅਗਵਾ ਕਮਰੇ ਵਿੱਚ ਬੰਦ ਕਰਕੇ ਤਸ਼ੱਦਦ ਢਾਹੁੰਦੇ ਸਨ ਅਤੇ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕਰਦੇ ਸਨ। 15 ਦਿਨਾਂ ਬਾਅਦ ਵਿੱਚ ਹਥਿਆਰ ਦੀ ਨੋਕ ’ਤੇ ਡਰਾ-ਧਮਕਾ ਕੇ ਅਗਵਾ ਕੀਤੇ ਵਿਅਕਤੀਆਂ ਤੋਂ ਆਪਣੇ ਘਰਦਿਆਂ ਨੂੰ ਫੋਨ ਕਰਵਾਉਂਦੇ ਸਨ ਕਿ ਉਹ ਮੈਕਸੀਕੋ ਪਹੁੰਚ ਗਏ ਹਨ ਅਤੇ 40 ਲੱਖ ਰੁਪਏ ਏਜੰਟਾਂ ਨੂੰ ਦੇ ਦਿਉ। ਅੱਗੇ ਫੋਨ ਸੁਣ ਕੇ ਉਨ੍ਹਾਂ ਦੇ ਘਰਵਾਲੇ ਪੰਜਾਬ ਵਿੱਚ ਮਨੁੱਖੀ ਤਸਕਰੀ ਦਾ ਕੰਮ ਕਰਨ ਵਾਲੇ ਏਜੰਟ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮਰਾਜ ਅਤੇ ਗੁਰਜੀਤ ਸਿੰਘ ਉਰਫ਼ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ, ਟੋਨੀ, ਭੁਪਿੰਦਰ ਸਿੰਘ ਉਰਫ਼ ਭਿੰਦਾ, ਸੰਦੀਪ ਆੜ੍ਹਤੀਆ ਅਤੇ ਸੁਮਨ ਨਾਲ ਤਾਲਮੇਲ ਕਰਕੇ ਏਜੰਟਾਂ ਵੱਲੋਂ ਦੱਸੀ ਥਾਂ ’ਤੇ ਪੈਸੇ ਲੈ ਕੇ ਪਹੁੰਚ ਜਾਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਅਜਿਹੇ ਸੈਂਕੜੇ ਨੌਜਵਾਨਾਂ ਨੂੰ ਅਗਵਾ ਕਰਕੇ ਕਰੋੜਾਂ ਰੁਪਏ ਵਸੂਲ ਕਰ ਚੁੱਕੇ ਹਨ।

ਇਸ ਮਾਮਲੇ ਵਿੱਚ ਕਈ ਮਨੁੱਖੀ ਤਸਕਰ ਏਜੰਟ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਫਰਾਰ ਹਨ। ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ, ਧੋਖੇਬਾਜ਼ ਏਜੰਟਾਂ ਤੋਂ ਬਚ ਕੇ ਆਏ ਨੌਜਵਾਨਾਂ ਦੇ ਪਰਿਵਾਰਾਂ ਨੇ ਐਸਐਸਪੀ ਗਰਗ ਨਾਲ ਮੁਲਾਕਾਤ ਕਰਕੇ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…