Nabaz-e-punjab.com

ਮੁਹਾਲੀ ਵਿੱਚ ਲੰਘੀ ਦੇਰ ਰਾਤ ਆਏ ਤੇਜ ਤੂਫਾਨ ਨੇ ਮਚਾਈ ਤਬਾਹੀ, ਦਰਜਨਾਂ ਦੀ ਗਿਣਤੀ ਵਿੱਚ ਦਰੱਖਤ ਡਿੱਗੇ, ਬਿਜਲੀ ਗੁੱਲ

ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਵਾਹਨਾਂ ਦਾ ਭਾਰੀ ਨੁਕਸਾਨ, ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ

ਬਲੌਂਗੀ ਵਿੱਚ ਬਣ ਰਹੀ ਪੰਜ ਮੰਜ਼ਿਲਾ ਇਮਾਰਤ ਦੀ ਦੀਵਾਰ ਡਿੱਗਣ ਕਾਰਨ 1 ਜ਼ਖ਼ਮੀ, ਬਿਜਲੀ ਤੇ ਪਾਣੀ ਦੀ ਸਪਲਾਈ ਰਹੀ ਠੱਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਮੁਹਾਲੀ ਵਿੱਚ ਲੰਘੀ ਦੇਰ ਰਾਤ ਆਏ ਤੇਜ ਤੂਫਾਨ ਅਤੇ ਹਨੇਰੀ ਨੇ ਸਮੁੱਚੇ ਇਲਾਕੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਹਨੇਰੀ ਆਉਂਦੇ ਹੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਬਿਜਲੀ ਗੁੱਲ ਹੋ ਗਈ। ਜਿਸ ਕਾਰਨ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਅਤੇ ਵੱਖ ਵੱਖ ਥਾਵਾਂ ’ਤੇ ਦਰੱਖ਼ਤ ਟੁੱਟ ਕੇ ਜ਼ਮੀਨ ’ਤੇ ਡਿੱਗਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਥਾਵਾਂ ’ਤੇ ਕਾਰਾਂ ਉੱਤੇ ਦਰੱਖ਼ਤ ਟੁੱਟ ਕੇ ਡਿੱਗ ਪਏ ਅਤੇ ਲੋਕਾਂ ਦਾ ਕਾਫੀ ਵਿੱਤੀ ਨੁਕਸਾਨ ਹੋਇਆ। ਉਂਜ ਤੇਜ ਤੂਫਾਨ ਅਤੇ ਝੱਖੜ ਤੋਂ ਬਾਅਦ ਹੋਈ ਬਰਸਾਤ ਕਾਰਨ ਆਮ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ ਅਤੇ ਤਾਪਮਾਨ 43 ਡਿਗਰੀ ਤੋਂ 5-6 ਡਿਗਰੀ ਤੱਕ ਹੇਠਾਂ ਆ ਗਿਆ। ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਵੀ ਟੁੱਟੇ ਹਨ ਅਤੇ ਕੁਝ ਥਾਵਾਂ ’ਤੇ ਬਿਜਲੀ ਦੇ ਟਰਾਂਸਫਾਰਮਰ ਹੀ ਜੜ੍ਹੋ ਪੁੱਟੇ ਗਏ।
ਜਾਣਕਾਰੀ ਅਨੁਸਾਰ ਪਿੰਡ ਬਲੌਂਗੀ ਵਿੱਚ ਉਸਾਰੀ ਅਧੀਨ 5 ਮੰਜ਼ਿਲਾ ਇਮਾਰਤ ਦੀ ਕੰਧ ਨਾਲ ਲਗਦੇ ਘਰ ਉੱਤੇ ਡਿੱਗਣ ਕਾਰਨ ਇਕ ਵਿਅਕਤੀ ਗੰਭੀਰ ਰੂੀ ਵਿੱਚ ਜ਼ਖ਼ਮੀ ਹੋ ਗਿਆ।
ਸ਼ਹਿਰ ਵਿੱਚ ਡਿੱਗੇ ਜ਼ਿਆਦਾਤਰ ਭਾਰੀ ਦਰੱਖਤ ਅਜਿਹੇ ਹਨ। ਜੋ ਬਹੁਤ ਪੁਰਾਣੇ ਅਤੇ ਅੰਦਰੋਂ ਖੋਖਲੇ ਹੋ ਜਾਣ ਕਾਰਨ ਤੇਜ ਹਨੇਰੀ ਨਹੀਂ ਸਹਿ ਸਕੇ। ਕਹਿਣ ਨੂੰ ਤਾਂ ਮੁਹਾਲੀ ਨਿਗਮ ਵੱਲੋਂ ਸ਼ਹਿਰ ਵਿੱਚ ਪੁਰਾਣੇ ਦਰੱਖਤਾਂ ਦੀ ਛੰਗਾਈ ਦਾ ਕੰਮ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਅਖ਼ਤਿਆਰੇ ਕੋਟੇ ਦੇ ਫੰਡ ’ਚੋਂ ਦੋ ਟਰੀ ਪਰੂਨਿੰਗ ਮਸ਼ੀਨਾਂ ਵੀ ਲੈ ਕੇ ਦਿੱਤੀਆਂ ਗਈਆਂ ਸਨ ਪੰ੍ਰਤੂ ਬੀਤੀ ਰਾਤ ਤੇਜ਼ ਹਨੇਰੀ ਦੌਰਾਨ ਡਿੱਗੇ ਵੱਡੀ ਗਿਣਤੀ ਦਰੱਖਤਾਂ ਤੋਂ ਇੰਝ ਜਾਪਦਾ ਹੈ ਕਿ ਨਗਰ ਨਿਗਮ ਵੱਲੋਂ ਦਰੱਖਤਾਂ ਦੀ ਛੰਗਾਈ ਦਾ ਕੰਮ ਮਹਿਜ਼ ਖਾਨਾਪੂਰਤੀ ਤੱਕ ਸੀਮਤ ਹੈ।
(ਬਾਕਸ ਆਈਟਮ)
ਪਿੰਡ ਧਰਮਗੜ੍ਹ ਦੇ ਕਿਸਾਨ ਗੁਰਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨੂੰ ਜਾਂਦੀ ਬਿਜਲੀ ਸਪਲਾਈ ਦੀਆਂ ਤਾਰਾਂ ’ਤੇ ਸਫੈਦਾ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਤੁਰੰਤ ਬਿਜਲੀ ਗੁੱਲ ਹੋ ਗਈ। ਜਿਸ ਕਾਰਨ ਇਲਾਕੇ ਵਿੱਚ ਸੰਘਣਾ ਹਨੇਰਾ ਪਸਰ ਗਿਆ। ਪਿੰਡ ਵਾਸੀ ਸੁਰਮੁੱਖ ਸਿੰਘ ਦੇ ਘਰ ਦੇ ਵਿਹੜੇ ਵਿੱਚ ਜਾਂਮਣ ਦਾ ਰੁੱਖ ਵੀ ਟੁੱਟ ਗਿਆ ਲੇਕਿਨ ਬਚਾਅ ਹੋ ਗਿਆ।
(ਬਾਕਸ ਆਈਟਮ)
ਭਾਜਪਾ ਕੌਂਸਲਰ ਸੈਹਬੀ ਆਨੰਦ ਨੇ ਮੰਗ ਕੀਤੀ ਕਿ ਲੰਘੀ ਰਾਤ ਆਏ ਤੂਫਾਨ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਦਰੱਖਤ ਟੁੱਟ ਕੇ ਡਿੱਗੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ 50 ਸਾਲਾਂ ਤੋਂ ਵੀ ਵੱਧ ਪੁਰਾਣੇ ਹਨ ਅਤੇ ਆਪਣੀ ਉਮਰ ਪੁਗਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਪੁਰਾਣੇ ਰੁੱਖਾਂ ਨੂੰ ਕੱਟ ਕੇ ਉਨ੍ਹਾਂ ਦੀ ਥਾਂ ਨਵੇਂ ਦਰੱਖਤ ਲਗਾਉਣ ਦੀ ਮੰਗ ਕਰ ਚੁੱਕੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਾਤੀ ਤੂਫਾਨ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ। ਲਿਹਾਜ਼ਾ ਨਿਗਮ ਨੂੰ ਪੀੜਤ ਲੋਕਾਂ ਨੂੰ ਬਣਦਾ ਮੁਆਵਜਾ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…