
ਦਹੇਜ ਲਈ ਕੁੱਟਮਾਰ ਕਰਨ ਦੇ ਦੋਸ਼ ‘ਚ ਪਤੀ ਅਤੇ ਸੱਸ ਸਮੇਤ 6 ਨਾਮਜ਼ਦ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 23 ਜੁਲਾਈ:
ਵਿਆਹੁਤਾ ਨੂੰ ਹੋਰ ਦਹੇਜ ਲਈ ਤੰਗ ਪ੍ਰੇਸ਼ਾਨ ਕਰਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਉਸ ਦੇ ਪਤੀ, ਸੱਸ, ਦਿਓਰ ਅਤੇ 3 ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਜ਼ੀਰਕਪੁਰ ਚ ਤਾਇਨਾਤ ਮਾਮਲੇ ਦੇ ਪੜਤਾਲੀਆ ਅਫ਼ਸਰ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਦੀ ਸ਼ਾਦੀ 1 ਨਵੰਬਰ 2014 ਨੂੰ ਗੁਰਪ੍ਰੀਤ ਸਿੰਘ ਨਾਲ ਹੋਈ ਸੀ ਜਿਸ ਕੋਲ ਇੱਕ 5 ਸਾਲਾਂ ਦੀ ਲੜਕੀ ਵੀ ਹੈ। ਉਸ ਦੀ ਸ਼ਾਦੀ ਮੌਕੇ ਉਸ ਦੇ ਪੇਕਾ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਦਿੱਤਾ ਸੀ। ਪਰ ਸ਼ਾਦੀ ਤੋਂ ਕੁੱਝ ਸਮਾਂ ਬਾਅਦ ਹੀ ਉਸ ਦੇ ਪਤੀ ਗੁਰਪ੍ਰੀਤ ਸਿੰਘ, ਉਸ ਦਾ ਦਿਓਰ ਮਨਦੀਪ, ਸੱਸ ਸ਼ੀਲਾ ਦੇਵੀ ਵਾਸੀ ਮਕਾਨ ਨੰਬਰ 34 ਆਦਰਸ਼ ਨਗਰ ਜ਼ੀਰਕਪੁਰ ਅਤੇ ਉਨ੍ਹਾਂ ਦੇ ਤਿੰਨ ਹੋਰ ਜਾਣਕਾਰਾਂ ਨੇ ਉਸ ਨੂੰ ਹੋਰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਨ ਲੱਗੇ। ਉਸ ਦੇ ਪੇਕਿਆ ਵੱਲੋਂ ਦਿੱਤੇ ਪਹਿਲਾਂ ਦਾਜ ਦਹੇਜ ਨੂੰ ਵੀ ਉਸ ਦੇ ਸਹੁਰਾ ਪਰਿਵਾਰ ਨੇ ਖੁਰਦ ਬੁਰਦ ਕਰ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀ.ਐਸ.ਪੀ. ਡੇਰਾਬੱਸੀ ਪਾਸੋਂ ਕਰਵਾਉਣ ਉਪਰੰਤ ਉਕਤ ਪਤੀ ਗੁਰਪ੍ਰੀਤ ਸਿੰਘ, ਉਸ ਦਾ ਦਿਓਰ ਮਨਦੀਪ, ਸੱਸ ਸ਼ੀਲਾ ਦੇਵੀ, ਮਾਮੇ ਦਾ ਲੜਕਾ ਮੋਨੀ, ਉਸ ਦਾ ਦੋਸਤ ਹਿਮਯੂ ਅਤੇ ਮਣੀ ਵਾਸੀਆਨ ਛੜਿਆਲਾ ਡੇਰਾਬਸੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।