nabaz-e-punjab.com

ਪੈਸਿਆਂ ਦਾ ਲੈਣ-ਦੇਣ: ਪਤੀ-ਪਤਨੀ ਵੱਲੋਂ ਰਿਸ਼ਤੇਦਾਰ ’ਤੇ ਪਰਿਵਾਰ ਨੂੰ ਮਾਰਨ ਦੀ ਧਮਕੀ ਦੇਣ ਦਾ ਦੋਸ਼

ਪੁਲੀਸ ਨੂੰ ਦਿੱਤੀ ਸ਼ਿਕਾਇਤ, ਰਿਸ਼ਤੇਦਾਰ ਨੇ ਦੋਸ਼ ਨਕਾਰੇ, ਕਿਹਾ ਪੈਸੇ ਦੇਣ ਤੋਂ ਬਚਣ ਲਈ ਲਗਾ ਰਹੇ ਹਨ ਝੂਠੇ ਦੋਸ਼

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਬਾਲੀ ਵਿੱਚ ਰਹਿਣ ਵਾਲੇ ਜੜ੍ਹੀ-ਬੂਟੀਆਂ ਵੇਚਣ ਵਾਲੇ ਬਾਵਰਿਆ ਬਿਰਾਦਰੀ ਦੇ ਇੱਕ ਵਿਅਕਤੀ ਟੀਟੂ ਸਿੰਘ ਅਤੇ ਉਸ ਦੀ ਪਤਨੀ ਮਾਣੋ ਨੇ ਦੋਸ਼ ਲਾਇਆ ਹੈ ਕਿ ਬਿਰਾਦਰੀ ਦੇ ਇੱਕ ਵਿਅਕਤੀ ਪ੍ਰਿੰਸ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹ ਉਸ ਨੂੰ ਸੱਤ ਲੱਖ ਰੁਪਏ ਦੇਣ ਨਹੀਂ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਮਾਰ ਦੇਵੇਗਾ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਪੀੜਤ ਪਤੀ-ਪਤਨੀ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ 2012 ਵਿੱਚ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਕੰਬਾਲੀ ਵਿੱਚ ਰਹਿਣ ਲੱਗ ਪਏ ਸਨ। ਮਾਣੋ ਦਾ ਪਰਿਵਾਰ ਹੁਸ਼ਿਆਰਪੁਰ ਵਿੱਚ ਰਹਿੰਦਾ ਹੈ। ਪ੍ਰਿੰਸ ਉਨ੍ਹਾਂ ਦੀ ਬਿਰਾਦਰੀ ਦਾ ਹੈ ਅਤੇ ਉਸਨੇ ਉਨ੍ਹਾਂ ਦੇ ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਉਸ ਨੂੰ ਅਤੇ ਆਪਣੇ ਪਤੀ ਨਾਲ ਚੰਡੀਗੜ੍ਹ ਵਿੱਚ ਘੁੰਮਦੇ ਨੂੰ ਦੇਖ ਲਿਆ ਅਤੇ ਉਸਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ। ਇਸ ਮਗਰੋਂ ਉਸ ਦੇ ਮਾਪਿਆਂ ਨੇ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਭਾਲ ਕੀਤੀ ਅਤੇ ਜਦੋਂ ਉਹ ਨਾ ਮਿਲੇ ਤਾਂ ਮਾਪਿਆਂ ਨੇ ਪ੍ਰਿੰਸ ’ਤੇ ਹੀ ਕੇਸ ਪਾ ਦਿੱਤਾ। ਜਿਸ ਕਾਰਨ ਪ੍ਰਿੰਸ ਨੂੰ ਜੇਲ੍ਹ ਜਾਣਾ ਪਿਆ ਅਤੇ ਹੁਣ ਪ੍ਰਿੰਸ ਉਸ ਦੇ ਪਤੀ ਤੋਂ ਜੇਲ੍ਹ ਵਿੱਚ ਰਹਿਣ ਅਤੇ ਕੇਸ ਦੌਰਾਨ ਹੋਏ ਖਰਚੇ ਦੇ ਸੱਤ ਲੱਖ ਰੁਪਏ ਮੰਗ ਰਿਹਾ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਸਮੇਤ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਉਨ੍ਹਾਂ ਕੋਲ ਰਿਕਾਰਡਿੰਗ ਮੌਜੂਦ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਧਰ, ਪ੍ਰਿੰਸ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਕਿ ਟੀਟੂ ਉਸ ਦੀ ਮਾਸੀ ਦਾ ਪੁੱਤ ਹੈ ਅਤੇ ਜਦੋਂ ਉਹ ਕੁੜੀ ਨੂੰ ਭਜਾ ਕੇ ਲੈ ਗਿਆ ਤਾਂ ਕੁੜੀ ਦੇ ਮਾਪਿਆਂ ਨੇ ਉਸ ਨੂੰ ਜੇਲ੍ਹ ਭਿਜਵਾ ਦਿੱਤਾ ਸੀ। ਜੇਲ੍ਹ ’ਚੋਂ ਬਾਹਰ ਆਉਣ ’ਤੇ ਉਨ੍ਹਾਂ ਦਾ ਪੰਚਾਇਤੀ ਸਮਝੌਤਾ ਹੋਇਆ ਸੀ ਕਿ ਇਸ ਕੇਸ ’ਤੇ ਹੋਏ ਖਰਚੇ ਦੇ ਪੈਸੇ ਟੀਟੂ ਵੱਲੋਂ ਦਿੱਤੇ ਜਾਣਗੇ। ਪ੍ਰਿੰਸ ਨੇ ਕਿਹਾ ਕਿ ਟੀਟੂ ਹੁਣ ਬੇਈਮਾਨ ਹੋ ਗਿਆ ਹੈ। ਇਸ ਲਈ ਉਸ ’ਤੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਨੇ ਟੀਟੂ ਜਾਂ ਮਾਣੋ ਨੂੰ ਕਦੇ ਫੋਨ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਘਰ ਗਿਆ ਅਤੇ ਧਮਕੀ ਦਿੱਤੀ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…