
ਘਰੇਲੂ ਹਿੰਸਾ: ਪਤਨੀ ਦਾ ਕਤਲ ਕਰਕੇ ਭੱਜ ਰਹੇ ਪਤੀ ਦੀ ਵੀ ਐਕਸੀਡੈਂਟ ’ਚ ਮੌਤ
ਨਬਜ਼-ਏ-ਪੰਜਾਬ ਬਿਊਰੋ, ਖਰੜ\ਮੁਹਾਲੀ, 5 ਫਰਵਰੀ:
ਖਰੜ ਦੀ ਮਸ਼ਹੂਰ ਸੰਨ੍ਹੀ ਇਨਕਲੇਵ ਵਿੱਚ ਸ਼ੁੱਕਰਵਾਰ ਨੂੰ ਤੜਕੇ ਸਵੇਰੇ ਇਕ ਵਿਅਕਤੀ ਨੇ ਆਪਣੀ ਪਤਨੀ ਵਰਸ਼ਾ ਚੌਹਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਵਾਰਿਸ਼ ਕਿਆਮੂਦੀਨ ਕਾਨੂੰਨ ਤੋਂ ਬਚਨ ਲਈ ਆਪਣੇ ਘਰੋਂ ਫਰਾਰ ਹੋ ਗਿਆ ਸੀ ਪ੍ਰੰਤੂ ਰਸਤੇ ਵਿੱਚ ਯੂਟੀ ਚੰਡੀਗੜ੍ਹ ਬਾਰਡਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਉਸ ਦੀ ਵੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਸੰਨ੍ਹੀ ਇਨਕਲੇਵ ਪੁਲੀਸ ਚੌਕੀ ਦੇ ਇੰਚਾਰਜ ਹਰਸ ਗੌਤਮ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਇਹ ਗੱਲ ਸਾਹਮਣੇ ਆਈ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਪਤੀ ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਗੁੱਸੇ ਵਿੱਚ ਆ ਕੇ ਕਿਆਮੂਦੀਨ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਲੇਕਿਨ ਰਸਤੇ ਵਿੱਚ ਉਹ ਵੀ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪਤੀ ਪਤਨੀ ਮਹੀਨਾ ਕੁ ਪਹਿਲਾਂ ਹੀ ਸੰਨ੍ਹੀ ਇਨਕਲੇਵ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਸੀ।