Nabaz-e-punjab.com

ਮੁਹਾਲੀ ਦੇ ਸੈਕਟਰ-70 ਵਿੱਚ ਪਤਨੀ ਵੱਲੋਂ ਤਵਾ ਮਾਰ ਕੇ ਪਤੀ ਦਾ ਕਤਲ

ਪੀੜਤ ਪਰਿਵਾਰ ਨੇ ਪੁਲੀਸ ਦੀ ਜਾਂਚ ’ਤੇ ਸਵਾਲ ਚੁੱਕੇ, ਇਕੱਲੀ ਪਤਨੀ ਨਹੀਂ ਕਰ ਸਕਦੀ ਕਤਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਇੱਥੋਂ ਦੇ ਸੈਕਟਰ-70 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਫੂਲ ਕੁਮਾਰ (32) ਦਾ ਉਸ ਦੀ ਪਤਨੀ ਨੇ ਸਿਰ ਵਿੱਚ ਤਵਾ ਮਾਰ ਕੇ ਕਤਲ ਕਰ ਦਿੱਤਾ। ਉਹ ਮੁਹਾਲੀ ਦੇ ਸਨਅਤੀ ਏਰੀਆ ਵਿੱਚ ਕਿਸੇ ਫੈਕਟਰੀ ਵਿੱਚ ਨੌਕਰੀ ਕਰਦਾ ਸੀ ਜਦੋਂਕਿ ਉਸ ਦੀ ਪਤਨੀ ਸਪਨਾ ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚਾ ਲਗਾਉਣ ਦਾ ਕੰਮ ਕਰਦੀ ਸੀ। ਇਸ ਸਬੰਧੀ ਪੋਸਟ ਮਾਰਟਮ ਰਿਪੋਰਟ ਅਤੇ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਸ੍ਰੀ ਪਾਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਮਟੌਰ ਵਿੱਚ ਮ੍ਰਿਤਕ ਦੀ ਪਤਨੀ ਸਪਨਾ ਖ਼ਿਲਾਫ਼ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸਪਨਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਸ਼ਿਕਾਇਤ ਕਰਤਾ ਸ੍ਰੀ ਪਾਲ ਵਾਸੀ ਸੈਕਟਰ-70 ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਛੋਟੇ ਭਰਾ ਫੂਲ ਕੁਮਾਰ ਦਾ 6 ਕੁ ਸਾਲ ਪਹਿਲਾਂ ਸਪਨਾ ਨਾਲ ਵਿਆਹ ਹੋਇਆ ਸੀ ਲੇਕਿਨ ਕੁਝ ਸਮੇਂ ਬਾਅਦ ਉਨ੍ਹਾਂ ਵਿੱਚ ਝਗੜੇ ਹੋਣੇ ਸ਼ੁਰੂ ਹੋ ਗਏ ਸੀ। ਹਾਲਾਂਕਿ ਕਈ ਵਾਰ ਮੋਹਤਬਰ ਵਿਅਕਤੀਆਂ ਨੇ ਉਨ੍ਹਾਂ ਵਿੱਚ ਆਪਸੀ ਸੁਲ੍ਹਾ ਵੀ ਕਰਵਾਈ ਜਾਂਦੀ ਰਹੀ ਹੈ ਲੇਕਿਨ ਹੁਣ ਗੱਲ ਖੂੰਨੀ ਸੰਘਰਸ਼ ਤੱਕ ਪਹੁੰਚ ਗਈ। ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਜਿਸ ਦਾ ਮੁਹਾਲੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
ਉਧਰ, ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਅਤੇ ਸ਼ਿਕਾਇਤ ਕਰਤਾ ਸ੍ਰੀ ਪਾਲ ਨੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਫੂਲ ਕੁਮਾਰ ਸਿਹਤ ਪੱਖੋਂ ਤਕੜਾ ਸੀ। ਇਸ ਤਰ੍ਹਾਂ ਉਸ ਦੀ ਪਤਨੀ ਸਪਨਾ ਇਕੱਲੇ ਉਸ ਦਾ ਕਤਲ ਨਹੀਂ ਕਰ ਸਕਦੀ ਹੈ। ਇਸ ਕਤਲ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ। ਉਂਜ ਪੀੜਤ ਪਰਿਵਾਰ ਨੇ ਇਕ ਕਿਰਾਏਦਾਰ ਉੱਤੇ ਵੀ ਖ਼ਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਫੂਲ ਕੁਮਾਰ ਦਾ ਕਤਲ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਪੀੜਤ ਪਰਿਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਜਿਸ ਕਿਰਾਏਦਾਰ ਦਾ ਨਾਂ ਲਿਆ ਜਾ ਰਿਹਾ ਹੈ। ਉਸ ਨਾਲ ਇਨ੍ਹਾਂ ਦੀ ਲਾਗ-ਡਾਟ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੀ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਦੁਪਹਿਰ ਵੇਲੇ ਵੀ ਪਤੀ ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਬਾਅਦ ਵਿੱਚ ਦੋਵਾਂ ਵਿੱਚ ਸੁਲ੍ਹਾ ਹੋ ਗਈ ਸੀ ਲੇਕਿਨ ਰਾਤ ਨੂੰ ਸਪਨਾ ਨੇ ਰੋਟੀ ਸੇਕਣ ਵਾਲੇ ਤਵੇ ਨਾਲ ਫੂਲ ਕੁਮਾਰ ਦੇ ਸਿਰ ਵਿੱਚ ਹਮਲਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੰਘੀ ਦੇਰ ਰਾਤ ਕਰੀਬ ਸਾਢੇ 11.30 ਵਜੇ ਸਪਨਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਿਹੜੇ ਕਿਰਾਏਦਾਰ ਬਾਰੇ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਪੁਲੀਸ ਨੇ ਉਸ ਨੂੰ ਵੀ ਥਾਣੇ ਸੱਦ ਕੇ ਪੁੱਛਗਿੱਛ ਕੀਤੀ ਗਈ ਹੈ ਲੇਕਿਨ ਮੁੱਢਲੀ ਜਾਂਚ ਵਿੱਚ ਕਿਤੇ ਵੀ ਉਸ ਦੀ ਸ਼ੱਕੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਜਿਸ ਕਾਰਨ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …