nabaz-e-punjab.com

ਇਮੀਗਰੇਸ਼ਨ ਧੋਖਾਧੜੀ ਮਾਮਲੇ ਵਿੱਚ ਪਤੀ-ਪਤਨੀ ਗ੍ਰਿਫ਼ਤਾਰ, ਦੋ ਰੋਜ਼ਾ ਪੁਲੀਸ ਰਿਮਾਂਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਮੁਹਾਲੀ ਪੁਲੀਸ ਨੇ ਇਮੀਗਰੇਸ਼ਨ ਧੋਖਾਧੜੀ ਮਾਮਲੇ ਵਿੱਚ ਚਾਈਲਡ ਅਬਰੋਡ ਐਜੂਕੇਸ਼ਨ ਐਂਡ ਸਟੂਅਰਟ ਪਲੇਸਮੈਂਟ ਸਰਵਿਸ਼ਿਜ ਦੇ ਮਾਲਕ ਸ਼ੀਤਲ ਸਿੰਘ ਉਰਫ਼ ਸੋਨੂ ਅਤੇ ਉਸ ਦੀ ਪਤਨੀ ਨਵਜੋਤ ਕੌਰ ਵਾਸੀ ਸ਼ਾਹਕੋਟ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਪਤੀ-ਪਤਨੀ ਦੇ ਖ਼ਿਲਾਫ਼ ਲੱਖਾਂ ਰੁਪਏ ਦੇ ਠੱਗੀ ਮਾਰਨ ਦੇ ਦੋਸ਼ ਹਨ। ਇਸ ਸਬੰਧੀ ਫੇਜ਼-11 ਥਾਣੇ ਵਿੱਚ ਧਾਰਾ 420 ਅਤੇ ਇਮੀਗਰੇਸ਼ਲ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਾਲ 2014 ਵਿੱਚ ਇੱਥੋਂ ਦੇ ਫੇਜ਼-11 ਵਿੱਚ ਇਮੀਗਰੇਸ਼ਨ ਕੰਪਨੀ ਦਾ ਦਫ਼ਤਰ ਖੋਲ੍ਹਿਆ ਸੀ ਅਤੇ 2018 ਤੱਕ ਉਹ ਇੱਥੇ ਕੰਮ ਕਰਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਵੱਲੋਂ 80 ਤੋਂ 90 ਲੱਖ ਰੁਪਏ ਦੀ ਠੱਗੀ ਮਾਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇਨ੍ਹਾਂ ਖ਼ਿਲਾਫ਼ ਹੋਰ ਵੀ ਕਾਫੀ ਸ਼ਿਕਾਇਤਾਂ ਦੀ ਜਾਂਚ ਪੈਂਡਿੰਗ ਹੈ। ਜਦੋਂ ਪੀੜਤ ਲੋਕਾਂ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਅਤੇ ਪੁਲੀਸ ਨੂੰ ਸ਼ਿਕਾਇਤਾਂ ਦਿੱਤੀਆਂ ਤਾਂ ਉਹ ਦੋਵੇਂ ਦੋ ਸਾਲ ਪਹਿਲਾਂ ਆਪਣਾ ਦਫ਼ਤਰ ਬੰਦ ਕਰਕੇ ਜਲੰਧਰ ਜਾ ਕੇ ਰਹਿਣ ਲੱਗ ਪਏ। ਪੁਲੀਸ ਨੇ ਸ਼ੀਤਲ ਸਿੰਘ ਅਤੇ ਉਸ ਦੀ ਪਤਨੀ ਨਵਜੋਤ ਕੌਰ ਨੂੰ ਗੁਪਤ ਸੂਚਨਾ ’ਤੇ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ। ਅੱਜ ਇਨ੍ਹਾਂ ਦੋਵਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਜੋੜੇ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਮੁਹਾਲੀ ’ਚੋਂ ਫਰਾਰ ਹੋਣ ਮਗਰੋਂ ਸ਼ੀਤਲ ਵਿਦੇਸ਼ ਚਲਾ ਗਿਆ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਮੁਹਾਲੀ ਵਿੱਚ ਨਿਯਮਾਂ ਤਹਿਤ ਇਮੀਗਰੇਸ਼ਨ ਕੰਪਨੀ ਦਾ ਦਫ਼ਤਰ ਖੋਲ੍ਹਿਆ ਗਿਆ ਸੀ ਜਾਂ ਬਿਨਾਂ ਲਾਇਸੈਂਸ ਤੋਂ ਇਹ ਧੰਦਾ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਣ ’ਤੇ ਪੀੜਤ ਵਿਅਕਤੀਆਂ ਨੇ ਪੁਲੀਸ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …