
‘‘ਮੇਰਾ ਵਿਸ਼ਵਾਸ ਹੈ ਕਿਸਾਨ ਆਗੂ ਰਵਨੀਤ ਬਰਾੜ ਮੁਹਾਲੀ ਵਿੱਚ ਧਨਾਢਾਂ ਨੂੰ ਝੁਕਾ ਰਹਿਣਗੇ’’: ਗੁਰਨਾਮ ਚੜੂਨੀ
ਗੁਰਨਾਮ ਸਿੰਘ ਚੜੂਨੀ ਨੇ ਰਵਨੀਤ ਬਰਾੜ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ, ਰਵਾਇਤੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਇੱਥੇ ਸੰਯੁਕਤ ਸਮਾਜ ਮੋਰਚਾ ਦੀ ਟਿਕਟ ’ਤੇ ਚੋਣ ਲੜ ਰਹੇ ਨੌਜਵਾਨ ਕਿਸਾਨ ਆਗੂ ਰਵਨੀਤ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ। ਉਨ੍ਹਾਂ ਨੇ ਮੁਹਾਲੀ ਵਿੱਚ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਅਤੇ ਹੋਰ ਵਿਰੋਧੀਆਂ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ’ਤੇ ਲੜੀਵਾਰ ਧਰਨਾ ਲਗਾ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਜਗਤ ਨੂੰ ਝੁਕਾਇਆ ਸੀ, ਠੀਕ ਉਸੇ ਤਰ੍ਹਾਂ ‘‘ਮੈਨੂੰ ਵਿਸ਼ਵਾਸ ਹੈ ਕਿ ਮੁਹਾਲੀ ਵਿੱਚ ਰਵਨੀਤ ਬਰਾੜ ਧਨਾਢਾਂ ਨੂੰ ਝੁਕਾਉਣਗੇ ਅਤੇ ਸੰਯੁਕਤ ਸਮਾਜ ਮੋਰਚੇ ਦੇ ਵਿਧਾਇਕ ਵਜੋਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਗੇ।
ਸ੍ਰੀ ਚੜੂਨੀ ਨੇ ਕਿਹਾ ਕਿ ਪੰਜਾਬ ਨੂੰ ਅੱਜ ਪੜ੍ਹੇ-ਲਿਖੇ ਅਤੇ ਅਗਾਂਹਵਧੂ ਸੋਚ ਵਾਲੇ ਨੌਜਵਾਨਾਂ ਦੀ ਸਖ਼ਤ ਲੋੜ ਹੈ। ਲਿਹਾਜ਼ਾ ਲੋਕਾਂ ਨੂੰ ਚਾਹੀਦਾ ਹੈ ਕਿ ਉੱਦਮੀ ਨੌਜਵਾਨਾਂ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਣ ਦਿੱਤਾ ਤਾਂ ਜੋ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜੋਸ਼ ਅਤੇ ਜਜ਼ਬੇ ਦੇ ਚੱਲਦਿਆਂ ਹੀ ਦੇਸ਼ ਦੇ ਹੁਕਮਰਾਨਾਂ ਨੂੰ ਕਿਸਾਨਾਂ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਸੀ।

ਕਿਸਾਨ ਆਗੂ ਚੜੂਨੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਅਤੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਅਰਬਪਤੀ ਹੋਣ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਧਨਾਢਾਂ ਨੇ ਪੰਜਾਬ ਵਿੱਚ ਰਾਜ ਕਰਨ ਦਾ ਠੇਕਾ ਨਹੀਂ ਲਿਆ ਹੈ ਅਤੇ ਹੁਣ ਲੋਕ ਬਹੁਤ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਇਲਾਕੇ ਦੇ ਸਮੂਹ ਵੋਟਰਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਮੌਕਾ ਦੇਣ ਤਾਂ ਜੋ ਰਵਾਇਤੀ ਪਾਰਟੀਆਂ ਵੱਲੋਂ ਵਾਰੀ ਬੰਨ੍ਹ ਕੇ ਪੰਜਾਬ ਅਤੇ ਕਿਸਾਨੀ ਦੇ ਕੀਤੇ ਘਾਣ ਦਾ ਹਿਸਾਬ ਲਿਆ ਜਾ ਸਕੇ।